ਓਡੀਸ਼ਾ ''ਚ 2 ਧਿਰਾਂ ਵਿਚਾਲੇ ਝੜਪ, ਇਕ ਹੀ ਪਰਿਵਾਰ ਦੇ 4 ਮੈਂਬਰਾਂ ਦਾ ਕਤਲ
Wednesday, Mar 23, 2022 - 02:51 PM (IST)

ਭੁਵਨੇਸ਼ਵਰ (ਵਾਰਤਾ)- ਓਡੀਸ਼ਾ ਦੇ ਗੰਜਾਮ ਜ਼ਿਲ੍ਹੇ 'ਚ ਹਿੰਜਿਲੀਕੱਟੂ ਪੁਲਸ ਸਟੇਸ਼ਨ ਅਧੀਨ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ 'ਚ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਗੰਜਾਮ ਦੇ ਪੁਲਿਸ ਸੁਪਰਡੈਂਟ ਬ੍ਰਿਜੇਸ਼ ਰਾਏ ਨੇ ਬੁੱਧਵਾਰ ਨੂੰ ਕਿਹਾ ਕਿ ਮੰਗਲਵਾਰ ਦੇਰ ਰਾਤ ਹਿੰਜਲੀਕੱਟੂ ਥਾਣੇ ਦੇ ਅਧੀਨ ਬ੍ਰਾਸ ਚੌਕ ਖੇਤਰ ਵਿਚ ਕੁਝ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਦੋ ਸਮੂਹਾਂ ਵਿਚ ਝੜਪ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਇੱਕੋ ਪਰਿਵਾਰ ਦੇ ਚਾਰ ਜੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਦੋਂ ਕਿ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਬਰਹਮਪੁਰ-ਅਸਕਾ ਨੈਸ਼ਨਲ ਹਾਈਵੇਅ 59 ਨੂੰ ਜਾਮ ਕਰ ਦਿੱਤਾ ਹੈ। ਪੁਲਸ ਸੁਪਰਡੈਂਟ ਨੇ ਕਿਹਾ ਕਿ ਜਦਕਿ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਝੜਪ ਵਿਚ ਇਕ ਹਮਲਾਵਰ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਬਰਹਮਪੁਰ ਦੇ ਐਮ.ਕੇ.ਸੀ.ਜੀ. ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਸੰਭੂ ਸਵੈਨ, ਉਸ ਦੇ ਭਰਾ ਪਾਂਡੁਰਾ, ਰਾਜਾ ਅਤੇ ਉਨ੍ਹਾਂ ਦੇ ਚਚੇਰੇ ਭਰਾ ਚੰਦਨ ਵਜੋਂ ਹੋਈ ਹੈ। ਮ੍ਰਿਤਕ ਨਰਿੰਦਰਪੁਰ ਦੇ ਵਸਨੀਕ ਸਨ ਅਤੇ ਹਮਲਾਵਰ ਰਾਮਚੰਦਰਪੁਰ ਇਲਾਕੇ ਦੇ ਰਹਿਣ ਵਾਲੇ ਸਨ। ਪੁਲਸ ਨੇ ਘਟਨਾ ਦੇ ਸਬੰਧ ਵਿਚ ਤਿੰਨ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਹਮਲਾਵਰਾਂ ਨੇ ਸਵੈਨ ਅਤੇ ਉਸਦੇ ਭਰਾਵਾਂ 'ਤੇ ਹਮਲਾ ਕੀਤਾ ਜਦੋਂ ਉਹ ਬ੍ਰਾਸ ਚੌਕ ਵਿਚ ਆਪਣੀ ਫਾਸਟ ਫੂਡ ਦੀ ਦੁਕਾਨ ਬੰਦ ਕਰਨ ਜਾ ਰਹੇ ਸਨ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਿੰਜਲੀਕੱਟੂ ਹਸਪਤਾਲ ਅਤੇ ਫਿਰ ਐਮ.ਕੇ.ਸੀ.ਜੀ. ਮੈਡੀਕਲ ਕਾਲਜ ਪਹੁੰਚਾਇਆ ਪਰ ਇੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਇਕ ਗਰੁੱਪ ਨੇ ਦੂਜੇ ਗਰੁੱਪ 'ਤੇ ਉਸ ਸਮੇਂ ਟਿੱਪਣੀ ਕੀਤੀ, ਜਦੋਂ ਉਹ ਹਾਦਸੇ 'ਚ ਜ਼ਖਮੀ ਹੋਏ ਇਕ ਜੋੜੇ ਦੀ ਮਦਦ ਕਰ ਰਹੇ ਸਨ। ਝਗੜੇ ਤੋਂ ਬਾਅਦ ਪਹਿਲੇ ਧਿਰ ਦੇ ਲੋਕ ਮੌਕੇ ਤੋਂ ਚਲੇ ਗਏ ਅਤੇ ਫਿਰ ਇਕੱਠੇ ਹੋ ਕੇ ਸਵੈਨ ਅਤੇ ਉਸਦੇ ਭਰਾਵਾਂ 'ਤੇ ਹਮਲਾ ਕਰ ਦਿੱਤਾ। ਪੁਲਸ ਸੁਪਰਡੈਂਟ ਨੇ ਕਿਹਾ ਹੈ ਕਿ ਪੁਲਸ ਨੇ ਵਾਰਦਾਤ 'ਚ ਵਰਤਿਆ ਹਥਿਆਰ ਬਰਾਮਦ ਕਰ ਲਿਆ ਹੈ, ਜਾਂਚ ਜਾਰੀ ਹੈ।