ਓਡ-ਈਵਨ : ਕੇਜਰੀਵਾਲ ਦਾ ਐਲਾਨ- ਇਸ ਵਾਰ ਦਿਵਯਾਂਗਾ ਨੂੰ ਮਿਲੇਗੀ ਛੋਟ
Wednesday, Oct 16, 2019 - 11:48 AM (IST)

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ 4-15 ਨਵੰਬਰ ਤੱਕ ਲਾਗੂ ਹੋਣ ਜਾ ਰਹੀ ਓਡ-ਈਵਨ ਸਕੀਮ ਦੇ ਸੰਬੰਧ 'ਚ ਬੁੱਧਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਓਡ-ਈਵਨ ਲਾਗੂ ਹੋਣ ਤੋਂ ਬਾਅਦ ਸਰੀਰਕ ਤੌਰ 'ਤੇ ਅਸਮਰੱਥ ਲੋਕਾਂ (ਦਿਵਯਾਂਗਾ) ਨੂੰ ਸਕੀਮ ਤੋਂ ਪੂਰੀ ਤਰ੍ਹਾਂ ਛੋਟ ਰਹੇਗੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੇਜਰੀਵਾਲ ਨੇ ਦਿੱਲੀ ਸਕੱਤਰੇਤ 'ਚ ਇਸ ਦੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਓਡ-ਈਵਨ ਵਿਵਸਥਾ ਦੌਰਾਨ ਕਾਰ ਪੂਲਿੰਗ ਦੀ ਵਰਤੋਂ ਕਰਨ। ਉਨ੍ਹਾਂ ਨੇ ਦੱਸਿਆ ਸੀ ਕਿ 4-15 ਨਵੰਬਰ ਦਰਮਿਆਨ ਸਵੇਰੇ 8 ਵਜੇ ਦਰਮਿਆਨ ਇਸ ਯੋਜਨਾ ਦੇ ਅਧੀਨ ਵਾਹਨ ਚੱਲਣਗੇ।
ਕੇਜਰੀਵਾਲ ਅਨੁਸਾਰ ਸੁਰੱਖਿਆ ਦੇ ਮੱਦੇਨਜ਼ਰ ਔਰਤਾਂ ਅਤੇ ਬਾਈਕ ਸਵਾਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਔਰਤਾਂ ਸਿਰਫ਼ 12 ਸਾਲ ਤੱਕ ਦੇ ਛੋਟੇ ਬੱਚੇ ਜਾਂ ਮਹਿਲਾ ਦੋਸਤਾਂ ਨਾਲ ਵਾਹਨ ਚਲਾਉਂਦੇ ਹੋਏ ਜਾ ਸਕਣਗੀਆਂ। ਉਨ੍ਹਾਂ ਦੀ ਕਾਰ 'ਚ ਕੋਈ ਪੁਰਸ਼ ਸਹਿਯਾਤਰੀ ਨਹੀਂ ਰਹੇਗਾ। ਜ਼ਿਕਰਯੋਗ ਹੈ ਕਿ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਧਿਆਨ 'ਚ ਰੱਖ ਕੇ ਕਈ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੀ ਹੈ। ਕੇਜਰੀਵਾਲ ਨੇ ਮੰਨਿਆ ਕਿ ਸਿਧਾਂਤਕ ਤੌਰ 'ਤੇ ਸਰਕਾਰੀ ਦਫ਼ਤਰ ਦੇ ਸਮੇਂ 'ਚ ਤਬਦੀਲੀ ਲਿਆਉਣ ਲਈ ਤਿਆਰ ਹਨ। ਇਸ ਬਾਰੇ ਖੇਤਰ ਵਿਸ਼ੇਸ਼ ਦੇ ਮਾਹਰਾਂ ਦੇ ਨਾਲ ਚਰਚਾ ਚੱਲ ਰਹੀ ਹੈ। ਇਸ ਦੇ ਆਧਾਰ 'ਤੇ ਕਾਰਜ ਯੋਜਨਾ ਤਿਆਰ ਹੋਵੇਗੀ। ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਨਾਲ-ਨਾਲ ਨਿੱਜੀ ਖੇਤਰ ਦੇ ਦਫ਼ਤਰਾਂ ਲਈ ਵੀ ਗਾਈਡਲਾਈਨ ਜਾਰੀ ਹੋਵੇਗੀ।