NEET ਪੇਪਰ ਲੀਕ ਵਿਵਾਦ ਵਿਚਾਲੇ NTA 'ਚ ਹੋਇਆ ਵੱਡਾ ਫੇਰਬਦਲ, 4 ਸੀਨੀਅਰ ਅਧਿਕਾਰੀ ਨਿਯੁਕਤ
Saturday, May 16, 2026 - 09:06 PM (IST)
ਨਵੀਂ ਦਿੱਲੀ : ਨੀਟ (NEET) ਪੇਪਰ ਲੀਕ ਵਿਵਾਦ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ (NTA) ਵਿੱਚ ਵੱਡਾ ਪ੍ਰਬੰਧਕੀ ਫੇਰਬਦਲ ਕੀਤਾ ਹੈ। ਸਰਕਾਰ ਨੇ ਏਜੰਸੀ ਵਿੱਚ ਚਾਰ ਨਵੇਂ ਉੱਚ ਅਧਿਕਾਰੀਆਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿੱਚ ਦੋ ਸੰਯੁਕਤ ਸਕੱਤਰ ਅਤੇ ਦੋ ਸੰਯੁਕਤ ਨਿਰਦੇਸ਼ਕ ਸ਼ਾਮਲ ਹਨ।
1998 ਬੈਚ ਦੀ ਆਈ.ਐੱਸ.ਐੱਸ. (ISS) ਅਧਿਕਾਰੀ ਅਨੁਜਾ ਬਾਪਟ ਅਤੇ 2004 ਬੈਚ ਦੀ ਆਈ.ਆਰ.ਐੱਸ. (IRS) ਅਧਿਕਾਰੀ ਰੁਚਿਤਾ ਵਿਜ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਦੋਵੇਂ ਅਧਿਕਾਰੀ ਉੱਚ ਸਿੱਖਿਆ ਵਿਭਾਗ ਦੇ ਅਧੀਨ ਕੰਮ ਕਰਨਗੇ ਅਤੇ ਇਨ੍ਹਾਂ ਦੀ ਨਿਯੁਕਤੀ 5 ਸਾਲਾਂ ਲਈ ਕੀਤੀ ਗਈ ਹੈ। 2013 ਬੈਚ ਦੇ ਆਈ.ਆਰ.ਐੱਸ. ਅਧਿਕਾਰੀ ਆਕਾਸ਼ ਜੈਨ ਅਤੇ 2013 ਬੈਚ ਦੇ ਹੀ ਆਈ.ਏ.ਐਂਡ.ਏ.ਐੱਸ. (IA&AS) ਅਧਿਕਾਰੀ ਆਦਿਤਿਆ ਰਾਜੇਂਦਰ ਭੋਜਗੜ੍ਹੀਆ ਨੂੰ ਸੰਯੁਕਤ ਨਿਰਦੇਸ਼ਕ ਬਣਾਇਆ ਗਿਆ ਹੈ। ਆਕਾਸ਼ ਜੈਨ ਦਾ ਕਾਰਜਕਾਲ 4 ਦਸੰਬਰ 2029 ਤੱਕ ਅਤੇ ਆਦਿਤਿਆ ਦਾ ਕਾਰਜਕਾਲ 16 ਮਈ 2028 ਤੱਕ ਹੋਵੇਗਾ।
ਇਹ ਸਾਰੀਆਂ ਨਿਯੁਕਤੀਆਂ ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਦੀ ਮਨਜ਼ੂਰੀ ਤੋਂ ਬਾਅਦ ਕੀਤੀਆਂ ਗਈਆਂ ਹਨ। ਕਾਰਮਿਕ ਅਤੇ ਸਿਖਲਾਈ ਵਿਭਾਗ (DoPT) ਨੇ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਦੀਆਂ ਕਾਪੀਆਂ ਪ੍ਰਧਾਨ ਮੰਤਰੀ ਦਫ਼ਤਰ (PMO), ਗ੍ਰਹਿ ਮੰਤਰੀ ਦੇ ਦਫ਼ਤਰ ਅਤੇ ਕੈਬਨਿਟ ਸਕੱਤਰੇਤ ਨੂੰ ਵੀ ਭੇਜੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ NTA ਦੇਸ਼ ਵਿੱਚ ਨੀਟ (NEET) ਅਤੇ ਜੇ.ਈ.ਈ. (JEE) ਵਰਗੀਆਂ ਵੱਡੀਆਂ ਦਾਖ਼ਲਾ ਪ੍ਰੀਖਿਆਵਾਂ ਕਰਵਾਉਣ ਵਾਲੀ ਸਰਕਾਰੀ ਸੰਸਥਾ ਹੈ। ਪਿਛਲੇ ਕੁਝ ਸਮੇਂ ਤੋਂ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਏਜੰਸੀ ਸਖ਼ਤ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ ਕੀਤੇ ਗਏ ਇਸ ਪ੍ਰਬੰਧਕੀ ਫੇਰਬਦਲ ਨੂੰ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਅਤੇ ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
