ਮਹਿੰਗਾਈ ਦੀ ਇੱਕ ਹੋਰ ਮਾਰ: ਵੇਰਕਾ ਤੇ ਅਮੂਲ ਤੋਂ ਬਾਅਦ ਹੁਣ ਇਸ ਬ੍ਰਾਂਡ ਨੇ ਵਧਾਏ ਦੁੱਧ ਦੇ ਰੇਟ
Wednesday, Nov 18, 2026 - 05:17 AM (IST)
ਬਿਲਾਸਪੁਰ - ਵੇਰਕਾ, ਅਮੂਲ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਕਾਮਧੇਨੂ ਹਿੱਤਕਾਰੀ ਮੰਚ ਨੇ ਵੀ ਆਪਣੇ ‘ਵਿਆਸਧੇਨੂ’ ਬ੍ਰਾਂਡ ਦੇ ਦੁੱਧ ਦੀ ਕੀਮਤ ’ਚ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਪਨੀਰ ਅਤੇ ਦਹੀਂ ਦੇ ਭਾਅ ਵੀ ਵਧਾਏ ਗਏ ਹਨ। ਕੰਪਨੀ ਦੇ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਪੈਕੇਟ ਵਾਲੇ ਦੁੱਧ ਦੀ ਕੀਮਤ 4 ਰੁਪਏ ਪ੍ਰਤੀ ਲੀਟਰ ਵਧਾਈ ਗਈ ਹੈ। ਇਸ ਤੋਂ ਬਾਅਦ ਇਕ ਲੀਟਰ ਦੁੱਧ ਦਾ ਪੈਕੇਟ ਹੁਣ 66 ਰੁਪਏ ਦੀ ਬਜਾਏ 70 ਰੁਪਏ ’ਚ ਮਿਲੇਗਾ। ਉੱਥੇ ਹੀ 500 ਗ੍ਰਾਮ ਦੁੱਧ ਦੇ ਪੈਕੇਟ ਦੀ ਕੀਮਤ 33 ਰੁਪਏ ਤੋਂ ਵਧਾ ਕੇ 35 ਰੁਪਏ ਕਰ ਦਿੱਤੀ ਗਈ ਹੈ। ਡਬਲ ਟੋਂਡ ਦੁੱਧ (ਡੀ. ਟੀ. ਐੱਮ.) ਦੇ ਭਾਅ ਵੀ 3 ਰੁਪਏ ਪ੍ਰਤੀ ਲੀਟਰ ਵਧਾਏ ਗਏ ਹਨ। ਪਨੀਰ ਦੀ ਕੀਮਤ 50 ਰੁਪਏ ਪ੍ਰਤੀ ਕਿਲੋਗ੍ਰਾਮ ਵਧਾ ਕੇ 400 ਰੁਪਏ ਕਰ ਦਿੱਤੀ ਗਈ ਹੈ, ਜਦੋਂਕਿ ਦਹੀਂ ਦੇ ਭਾਅ 20 ਰੁਪਏ ਵਧਾ ਕੇ 120 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੇ ਗਏ ਹਨ। ਕਾਮਧੇਨੂ ਦੇ ਹਿਮਾਚਲ ਪ੍ਰਦੇਸ਼ ’ਚ 2 ਪਲਾਂਟ ਹਨ। ਇਨ੍ਹਾਂ ’ਚ ਬਿਲਾਸਪੁਰ ਦਾ ਨਮਹੋਲ ਪਲਾਂਟ ਪ੍ਰਤੀ ਦਿਨ 30 ਹਜ਼ਾਰ ਲੀਟਰ ਅਤੇ ਸੋਲਨ ਦਾ ਹਰੀਪੁਰ ਪਲਾਂਟ 15 ਹਜ਼ਾਰ ਲੀਟਰ ਦੁੱਧ ਦਾ ਉਤਪਾਦਨ ਕਰਦਾ ਹੈ। ਇਸ ਸੰਗਠਨ ਨਾਲ ਕਰੀਬ 5 ਹਜ਼ਾਰ ਡੇਅਰੀ ਕਿਸਾਨ ਪਰਿਵਾਰ ਜੁੜੇ ਹੋਏ ਹਨ, ਜਿਨ੍ਹਾਂ ਤੋਂ ਦੁੱਧ ਖਰੀਦ ਕੇ ਬਾਜ਼ਾਰ ’ਚ ਸਪਲਾਈ ਕੀਤੀ ਜਾਂਦੀ ਹੈ।
