ਹੁਣ ਮਰੀਜ਼ਾਂ ਨੂੰ ਮਿਲਣਗੀਆਂ ਸਸਤੀਆਂ ਦਵਾਈਆਂ
Saturday, Jan 11, 2025 - 05:35 PM (IST)
ਹਿਸਾਰ- ਹਰਿਆਣਾ ਦੇ 8 ਜ਼ਿਲ੍ਹਿਆਂ ਵਿਚ ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ ਅਤੇ ਫਰਵਰੀ ਮਹੀਨੇ ਵਿਚ 14 ਜ਼ਿਲ੍ਹਿਆਂ ਵਿਚ ਖੋਲ੍ਹੇ ਜਾਣਗੇ। ਇਨ੍ਹਾਂ ਕੇਂਦਰਾਂ 'ਚ ਮਰੀਜ਼ਾਂ ਨੂੰ ਸਸਤੇ ਰੇਟਾਂ 'ਤੇ ਜੈਨਰਿਕ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਦੱਸ ਦੇਈਏ ਕਿ ਕਈ ਵਾਰ ਸਿਵਲ ਹਸਪਤਾਲਾਂ ਦੀਆਂ ਡਿਸਪੈਂਸਰੀਆਂ ਵਿਚ ਮਰੀਜ਼ਾਂ ਨੂੰ ਸਮੇਂ ਸਿਰ ਲੋੜੀਂਦੀਆਂ ਦਵਾਈਆਂ ਨਹੀਂ ਮਿਲਦੀਆਂ। ਇਸ ਕਾਰਨ ਜ਼ਿਆਦਾਤਰ ਨਿਰਧਾਰਤ ਦਵਾਈਆਂ ਬਾਹਰਲੇ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਹੀ ਖਰੀਦਣੀਆਂ ਪੈਂਦੀਆਂ ਹਨ।
ਅਜਿਹੇ ਵਿਚ ਸਰਕਾਰ ਵੱਲੋਂ ਮਰੀਜ਼ਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ 14 ਜ਼ਿਲ੍ਹਿਆਂ ਵਿਚ ਫਰਵਰੀ ਮਹੀਨੇ ਵਿਚ ਵੀ ਜਨ ਔਸ਼ਧੀ ਕੇਂਦਰ ਖੋਲ੍ਹੇ ਜਾਣਗੇ। ਇਨ੍ਹਾਂ ਕੇਂਦਰਾਂ ਵਿਚ ਮਰੀਜ਼ਾਂ ਨੂੰ ਬਾਹਰੋਂ ਉਪਲਬਧ ਦਵਾਈਆਂ ਦੇ ਮੁਕਾਬਲੇ 50 ਤੋਂ 90% ਤੱਕ ਛੋਟ ਦਿੱਤੀ ਜਾਂਦੀ ਹੈ। ਜਦੋਂ ਕਿ ਅੰਬਾਲਾ, ਸਿਰਸਾ, ਭਿਵਾਨੀ, ਪਾਨੀਪਤ, ਰੇਵਾੜੀ, ਕੁਰੂਕਸ਼ੇਤਰ, ਗੁਰੂਗ੍ਰਾਮ ਅਤੇ ਯਮੁਨਾਨਗਰ ਦੇ ਸਿਵਲ ਹਸਪਤਾਲਾਂ ਵਿਚ ਇਹ ਕੇਂਦਰ ਖੋਲ੍ਹੇ ਗਏ ਹਨ। ਇਸ ਲੜੀ ਵਿਚ ਅਗਲੇ ਮਹੀਨੇ ਤੱਕ ਹਿਸਾਰ, ਰੋਹਤਕ, ਪਲਵਲ, ਫਤਿਹਾਬਾਦ, ਜੀਂਦ, ਨਾਰਨੌਲ, ਸੋਨੀਪਤ, ਕੈਥਲ, ਕਰਨਾਲ, ਪੰਚਕੂਲਾ, ਚਰਖੀ ਦਾਦਰੀ, ਨੂਹ ਅਤੇ ਫਰੀਦਾਬਾਦ ਆਦਿ ਦੇ ਸਿਵਲ ਹਸਪਤਾਲਾਂ 'ਚ ਇਹ ਕੇਂਦਰ ਖੋਲ੍ਹੇ ਜਾਣਗੇ।