ਮਹਿਬੂਬਾ ਮੁਫ਼ਤੀ ਅਤੇ 7 ਸਾਬਕਾ ਵਿਧਾਇਕਾਂ ਨੂੰ ਸਰਕਾਰੀ ਘਰ ਖ਼ਾਲੀ ਕਰਨ ਦਾ ਨੋਟਿਸ

Sunday, Nov 27, 2022 - 05:52 PM (IST)

ਮਹਿਬੂਬਾ ਮੁਫ਼ਤੀ ਅਤੇ 7 ਸਾਬਕਾ ਵਿਧਾਇਕਾਂ ਨੂੰ ਸਰਕਾਰੀ ਘਰ ਖ਼ਾਲੀ ਕਰਨ ਦਾ ਨੋਟਿਸ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਅਤੇ 7 ਸਾਬਕਾ ਵਿਧਾਇਕਾਂ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਸਥਿਤ ਸਰਕਾਰੀ ਘਰਾਂ ਨੂੰ ਖ਼ਾਲੀ ਕਰਨ ਲਈ ਕਿਹਾ ਗਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ। ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਕਸ਼ਮੀਰ ਦੇ ਅਸਟੇਟ ਵਿਭਾਗ ਨੇ ਪੀ.ਡੀ.ਪੀ. ਪ੍ਰਧਾਨ ਨੂੰ ਸ਼੍ਰੀਨਗਰ ਦੇ ਗੁਪਕਰ ਰੋਡ ਸਥਿਤ ਉਨ੍ਹਾਂ ਦੇ ਅਧਿਕਾਰਤ ਘਰ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਸੀ। ਸ਼ਨੀਵਾਰ ਨੂੰ ਕਾਰਜਕਾਰੀ ਮੈਜਿਸਟ੍ਰੇਟ (ਪਹਿਲੀ ਸ਼੍ਰੇਣੀ) ਨੇ ਅਨੰਤਨਾਗ ਡਿਪਟੀ ਕਮਿਸ਼ਨਰ ਦੇ ਨਿਰਦੇਸ਼ 'ਤੇ ਮਹਿਬੂਬਾ ਮੁਫ਼ਤੀ ਅਤੇ ਤਿੰਨ ਸਾਬਕਾ ਵਿਧਾਇਕਾਂ ਨੂੰ ਸਰਕਾਰੀ ਘਰ ਖ਼ਾਲੀ ਕਰਨ ਦਾ ਨੋਟਿਸ ਦਿੱਤਾ। ਉਨ੍ਹਾਂ ਨੂੰ 24 ਘੰਟਿਆਂ ਅੰਦਰ ਕੁਆਰਟਰ ਸੰਖਿਆ 1,4,6 ਅਤੇ 7 ਖ਼ਾਲੀ ਕਰਨ ਲਈ ਕਿਹਾ ਗਿਆ ਹੈ, ਜੋ ਸਾਬਕਾ ਵਿਧਾਇਕ ਮੁਹੰਮਦ ਅਲਤਾਫ਼ ਵਾਨੀ, ਸਾਬਕਾ ਵਿਧਾਇਕ ਅਬਦੁੱਲ ਰਹੀਮ ਰਾਥਰ, ਸਾਬਕਾ ਵਿਧਾਇਕ ਅਬਦੁੱਲ ਮਜੀਦ ਭੱਟ ਅਤੇ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਦਾ ਸਰਕਾਰੀ ਘਰ ਹੈ।

ਜਿਹੜੇ ਹੋਰ ਲੋਕਾਂ ਨੂੰ ਸਰਕਾਰੀ ਘਰ ਖ਼ਾਲੀ ਕਰਨ ਲਈ ਕਿਹਾ ਗਿਆ ਹੈ, ਉਨ੍ਹਾਂ 'ਚ ਸਾਬਕਾ ਵਿਧਾਇਕ ਅਲਤਾਫ਼ ਸ਼ਾਹ, ਸਾਬਕਾ ਐੱਮ.ਐੱਲ.ਸੀ. ਬਸ਼ੀਰ ਸ਼ਾਹ, ਸਾਬਕਾ ਐੱਮ.ਐੱਲ.ਸੀ. ਚੌਧਰੀ ਨਿਜਾਮੁਦੀਨ, ਸਾਬਕਾ ਵਿਧਾਇਕ ਅਬਦੁੱਲ ਕਬੀਰ ਪਠਾਨ ਅਤੇ ਨਿਗਮ ਕੌਂਸਲਰ ਸ਼ੇਖ ਮੋਹਿਊਦੀਨ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ ਇਹ ਸਰਕਾਰੀ ਘਰ ਹਾਊਸਿੰਗ ਕਾਲੋਨੀ ਖਾਨਾਬਲ 'ਚ ਸਥਿਤ ਹਨ ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਇਨ੍ਹਾਂ ਨੂੰ ਜੇਕਰ ਤੈਅ ਸਮੇਂ ਅੰਦਰ ਖ਼ਾਲੀ ਨਹੀਂ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

DIsha

Content Editor

Related News