ਲੋਕ ਸਭਾ ਚੋਣਾਂ ਨੂੰ ਹਲਕੇ ’ਚ ਨਾ ਲਵੇ ਕਾਂਗਰਸ : ਪ੍ਰਸ਼ਾਂਤ ਕਿਸ਼ੋਰ
Thursday, May 18, 2023 - 12:21 PM (IST)
 
            
            ਪਟਨਾ (ਭਾਸ਼ਾ)- ਸਿਆਸੀ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਬੁੱਧਵਾਰ ਨੂੰ ਕਿਹਾ ਕਿ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਕਾਂਗਰਸ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ ਹੈ। ਕਿਸ਼ੋਰ ਨੇ ਕਿਹਾ,''ਮੈਂ ਕਰਨਾਟਕ ’ਚ ਕਾਂਗਰਸ ਦੀ ਸਫਲਤਾ ’ਤੇ ਪਾਰਟੀ ਨੂੰ ਵਧਾਈ ਦਿੰਦਾ ਹਾਂ। ਮੈਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸਾਵਧਾਨ ਕਰਨਾ ਚਾਹੁੰਦਾ ਹਾਂ ਕਿ ਉਹ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਇਹ ਸਮਝਣ ਦੀ ਗਲਤੀ ਨਾ ਕਰਨ ਕਿ ਆਮ ਚੋਣਾਂ ’ਚ ਕੀ ਹੋਣ ਵਾਲਾ ਹੈ।''
ਉਨ੍ਹਾਂ ਕਿਹਾ, 2012 ’ਚ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ’ਚ ਸਪੱਸ਼ਟ ਬਹੁਮਤ ਨਾਲ ਸੱਤਾ ’ਚ ਆਈ ਸੀ। 2 ਸਾਲਾਂ ਬਾਅਦ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਨੇ ਸੂਬੇ ’ਚ 80 ’ਚੋਂ 73 ਸੀਟਾਂ ’ਤੇ ਜਿੱਤ ਹਾਸਲ ਕੀਤੀ। ਉਨ੍ਹਾਂ 2013 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਵੀ ਯਾਦ ਕੀਤਾ ਜਦੋਂ ਕਾਂਗਰਸ ਨੇ ਬਹੁਮਤ ਹਾਸਲ ਕੀਤਾ ਸੀ ਪਰ ਲੋਕ ਸਭਾ ਚੋਣਾਂ ’ਚ ਭਾਜਪਾ ਤੋਂ ਬੁਰੀ ਤਰ੍ਹਾਂ ਹਾਰ ਗਈ ਸੀ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ਕਾਂਗਰਸ ਨੂੰ 2018 ਦੀਆਂ ਵਿਧਾਨ ਸਭਾ ਚੋਣਾਂ ’ਚ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਆਪਣੇ ਸਫਲ ਪ੍ਰਦਰਸ਼ਨ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ’ਚ ਇਨ੍ਹਾਂ ਖੇਤਰਾਂ ’ਚ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਵੀ ਯਾਦ ਕਰਨਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            