ਕੁੰਡਲੀ ਨਹੀਂ ਮਿਲਣਾ, ਵਿਆਹ ਦੇ ਵਾਅਦੇ ਤੋਂ ਮੁਕਰਨ ਦਾ ਬਹਾਨਾ ਨਹੀਂ ਹੋ ਸਕਦਾ : ਹਾਈ ਕੋਰਟ
Wednesday, Sep 22, 2021 - 12:14 PM (IST)
ਮੁੰਬਈ- ਬੰਬਈ ਹਾਈ ਕੋਰਟ ਨੇ 32 ਸਾਲਾ ਇਕ ਵਿਅਕਤੀ ਨੂੰ ਜਬਰ ਜ਼ਿਨਾਹ ਅਤੇ ਧੋਖਾਧੜੀ ਦੇ ਮਾਮਲੇ ਤੋਂ ਦੋਸ਼ ਮੁਕਤ ਕਰਨ ਤੋਂ ਇਨਕਾਰ ਕਰ ਦਿੱਤਾ। ਦੋਸ਼ੀ ਨੇ ਸ਼ਿਕਾਇਤਕਰਤਾ ਜਨਾਨੀ, ਜਿਸ ਨਾਲ ਉਸ ਦੇ ਸੰਬੰਧ ਸੀ ਨਾਲ ਵਿਆਹ ਕਰਨ ਤੋਂ ਇਸ ਕਰ ਕੇ ਇਨਕਾਰ ਕਰ ਦਿੱਤਾ, ਕਿਉਂਕਿ ਉਨ੍ਹਾਂ ਦੀਆਂ ਕੁੰਡਲੀਆਂ ਨਹੀਂ ਮਿਲਦੀਆਂ ਸਨ। ਜੱਜ ਐੱਸ.ਕੇ. ਸ਼ਿੰਦੇ ਦੀ ਏਕਲ ਬੈਂਚ ਨੇ ਸੋਮਵਾਰ ਨੂੰ ਅਭਿਸ਼ੇਕ ਮਿਤਰਾ ਦੀ ਪਟੀਸ਼ਨ ਖਾਰਜ ਕਰ ਦਿੱਤੀ। ਇਸ ਪਟੀਸ਼ਨ ’ਚ ਜਨਾਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਉਪਨਗਰੀ ਬੋਰੀਵਲੀ ਪੁਲਸ ਵਲੋਂ ਉਸ ਵਿਰੁੱਧ ਦਰਜ ਧੋਖਾਧੜੀ ਅਤੇ ਜਬਰ ਜ਼ਿਨਾਹ ਦੇ ਮਾਮਲੇ ਤੋਂ ਦੋਸ਼ ਮੁਕਤ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਫ਼ੈਸਲੇ ਦਾ ਵੇਰਵਾ ਮੰਗਲਵਾਰ ਨੂੰ ਉਪਲੱਬਧ ਕਰਵਾਇਆ ਗਿਆ। ਮਿਤਰਾ ਦੇ ਵਕੀਲ ਰਾਜਾ ਠਾਕਰੇ ਨੇ ਤਰਕ ਦਿੱਤਾ ਸੀ ਕਿ ਕੁੰਡਲੀ ਨਾ ਮਿਲਣ ਕਾਰਨ ਦੋਸ਼ੀ ਅਤੇ ਸ਼ਿਕਾਇਤਰਤਾ ਵਿਚਾਲੇ ਸੰਬੰਧਾਂ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ।
ਇਹ ਵੀ ਪੜ੍ਹੋ : PM ਮੋਦੀ ਨੇ ਸੰਸਦੀ ਚੋਣਾਂ ’ਚ ਜਿੱਤ ਲਈ ਜਸਟਿਨ ਟਰੂਡੋ ਨੂੰ ਦਿੱਤੀ ਵਧਾਈ
ਉਨ੍ਹਾਂ ਤਰਕ ਦਿੱਤਾ ਕਿ ਇਹ ਵਿਆਹ ਦੇ ਝੂਠੇ ਬਹਾਨੇ ਧੋਖਾਧੜੀ ਅਤੇ ਜਬਰ ਜ਼ਿਨਾਹ ਦਾ ਮਾਮਲਾ ਨਹੀਂ ਹੈ ਸਗੋਂ ਵਾਅਦੇ ਦੇ ਉਲੰਘਣ ਦਾ ਮਾਮਲਾ ਹੈ। ਜੱਜ ਸ਼ਿੰਦੇ ਨੇ, ਹਾਲਾਂਕਿ ਇਸ ਤਰਕ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਸ਼ੁਰੂਆਤ ਤੋਂ ਹੀ ਦੋਸ਼ੀ ਦਾ ਸ਼ਿਕਾਇਤਕਰਤਾ ਨਾਲ ਵਿਆਹ ਕਰਨ ਦੇ ਆਪਣੇ ਵਾਅਦੇ ਨੂੰ ਕਾਇਮ ਰੱਖਣ ਦਾ ਕੋਈ ਇਰਾਦਾ ਨਹੀਂ ਸੀ। ਬੈਂਚ ਨੇ ਕਿਹਾ,‘‘ਇਹ ਸਪੱਸ਼ਟ ਹੈ ਕਿ ਪਟੀਸ਼ਨਕਰਤਾ (ਮਿਤਰਾ) ਨੇ ਕੁੰਡਲੀ ਨਾ ਮਿਲਣ ਦੀ ਆੜ ’ਚ, ਵਿਆਹ ਦੇ ਵਾਅਦੇ ਨੂੰ ਨਿਭਾਉਣ ਤੋਂ ਇਨਕਾਰ ਕੀਤਾ। ਇਸ ਪ੍ਰਕਾਰ, ਮੈਨੂੰ ਪੂਰੀ ਤਰ੍ਹਾਂ ਨਾਲ ਲੱਗਦਾ ਹੈ ਕਿ ਇਹ ਵਿਆਹ ਕਰਨ ਦੇ ਝੂਠੇ ਵਾਅਦੇ ਦਾ ਮਾਮਲਾ ਹੈ, ਜੋ ਸਪੱਸ਼ਟ ਰੂਪ ਨਾਲ ਸ਼ਿਕਾਇਤਕਰਤਾ ਦੀ ਸਹਿਮਤੀ ਦਾ ਉਲੰਘਣ ਕਰਦਾ ਹੈ।’’ ਮਾਮਲੇ ਦੇ ਵੇਰਵੇ ਅਨੁਸਾਰ, ਦੋਸ਼ੀ ਅਤੇ ਸ਼ਿਕਾਇਤ 2012 ਤੋਂ ਇਕ-ਦੂਜੇ ਨੂੰ ਜਾਣਦੇ ਸਨ, ਜਦੋਂ ਉਹ ਇਕ ਪੰਜ ਸਿਤਾਰਾ ਹੋਟਲ ’ਚ ਕੰਮ ਕਰ ਰਹੇ ਸਨ ਅਤੇ ਇਕ ਸੰਬੰਧ ’ਚ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਕਈ ਮੌਕਿਆਂ ’ਤੇ ਦੋਸ਼ੀ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ।
ਇਹ ਵੀ ਪੜ੍ਹੋ : ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਲਈ ਗਈ ਗੁਰਮੁਖੀ ਦੀ ਪ੍ਰੀਖਿਆ 'ਚੋਂ ਫੇਲ੍ਹ ਹੋਏ ਮਨਜਿੰਦਰ ਸਿਰਸਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ