ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਅਹੁਦੇ ''ਤੇ ਗੈਰ-ਸਿੱਖ ਨੂੰ ਲਾਉਣਾ ਠੀਕ ਨਹੀਂ: ਸਰਨਾ

08/08/2023 4:02:28 PM

ਨਵੀਂ ਦਿੱਲੀ- ਤਖ਼ਤ ਸ੍ਰੀ ਹਜ਼ੂਰ ਸਾਹਿਬ ਸਿੱਖਾਂ ਦਾ ਇਕ ਮੁਕੱਦਸ ਸਥਾਨ ਹੈ। ਇਹ ਅਸਥਾਨ ਸਿੱਖ ਕੌਮ ਲਈ ਇਕ ਵਿਲੱਖਣ ਸਥਾਨ ਰੱਖਦਾ ਹੈ ਪਰ ਮਹਾਰਾਸ਼ਟਰ ਸਰਕਾਰ ਨੇ ਜੋ ਉੱਥੋਂ ਦਾ ਪ੍ਰਸ਼ਾਸਕ ਗੈਰ ਸਿੱਖ ਲਗਾਇਆ ਹੈ, ਉਹ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਅਤੇ ਸਿੱਖਾਂ ਦੇ ਅੰਦਰੂਨੀ ਪ੍ਰਬੰਧ 'ਚ ਸਿੱਧਾ ਦਖਲ ਦੇਣ ਵਾਲਾ ਹੈ। 

ਦਰਅਸਲ ਡਾ. ਪਰਵਿੰਦਰ ਸਿੰਘ ਪਸਰੀਚਾ IPS ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਨਾਂਦੇੜ ਦੇ ਕੁਲੈਕਟਰ (ਡਿਪਟੀ ਕਮਿਸ਼ਨਰ) ਅਭਿਜੀਤ ਰਾਜੇਂਦਰ ਰਾਊਤ, IAS ਨੂੰ ਤਖ਼ਤ ਸਾਹਿਬ ਦਾ ਨਵਾਂ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਭਾਵੇਂ ਡਾ. ਪਸਰੀਚਾ ਨੂੰ ਉਨ੍ਹਾਂ ਦਾ ਕਾਰਜਕਾਲ ਮੁਕੰਮਲ ਹੋਣ ਤੋਂ ਬਾਅਦ ਹੀ ਅਹੁਦੇ ਤੋਂ ਹਟਾਇਆ ਗਿਆ ਹੈ ਪਰ ਉਨ੍ਹਾਂ ਦੀ ਥਾਂ ਕਿਸੇ ਗ਼ੈਰ-ਸਿੱਖ ਨੂੰ ਤਖ਼ਤ ਸਾਹਿਬ ਦੀ ਪ੍ਰਸ਼ਾਸਕੀ ਜ਼ਿੰਮੇਵਾਰੀ ਸੌਂਪਣ ਦਾ ਸੰਗਤ ’ਚ ਜ਼ੋਰਦਾਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।

ਇਸ ਬਾਬਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਡਾ. ਪਰਵਿੰਦਰ ਸਿੰਘ ਪਸਰੀਚਾ ਜੀ ਵੀ ਸਿੱਖ ਕੌਮ ਦੀ ਸਹਿਮਤੀ ਤੋਂ ਬਿਨਾ ਲਗਾਏ ਗਏ ਸੀ ਉਨ੍ਹਾਂ ਨੇ ਵਧੀਆ ਕੰਮ ਕੀਤਾ, ਇਸ ਕਰ ਕੇ ਸਿੱਖ ਕੌਮ ਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ। ਹੁਣ ਗੈਰ ਸਿੱਖਾਂ ਨੂੰ ਸਾਡੇ ਪ੍ਰਬੰਧਕ ਬਣਾਉਣ 'ਤੇ ਉੱਤਰ ਆਈ ਹੈ। ਇਹੀ ਕਵਾਇਦ ਸਰਕਾਰ ਹਰਿਆਣਾ ਅਤੇ ਦਿੱਲੀ 'ਚ ਵੀ ਸ਼ੁਰੂ ਕਰ ਸਕਦੀ ਹੈ ਕਿਉਂਕਿ ਇੱਥੋਂ ਦੇ ਗੁਰਦੁਆਰਾ ਪ੍ਰਬੰਧ 'ਚ ਵੀ ਸਰਕਾਰ ਨੇ ਆਪਣੇ ਬੰਦੇ ਲਗਾ ਕੇ ਕਬਜ਼ਾ ਕਰ ਰੱਖਿਆ ਹੈ। ਸਰਨਾ ਮੁਤਾਬਕ ਹੁਣ ਸਰਕਾਰ ਦੀ ਮੰਸ਼ਾ ਇਹੀ ਹੋਵੇਗੀ ਕਿ ਇੱਥੇ ਵੀ ਛੇਤੀ ਤੋਂ ਛੇਤੀ ਗੈਰ ਸਿੱਖਾਂ ਨੂੰ ਪ੍ਰਬੰਧ 'ਚ ਸ਼ਾਮਲ ਕੀਤਾ ਜਾਵੇ। ਇਹ ਸਾਰਾ ਕੁਝ ਸਿੱਖਾਂ ਦੀ ਹਸਤੀ ਤੇ ਹਮਲਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਸਰਕਾਰ ਬਿਨਾਂ ਦੇਰੀ ਕੀਤੇ ਗੈਰ ਸਿੱਖ ਪ੍ਰਸ਼ਾਸਕ ਨੂੰ ਹਟਾ ਕੇ ਕਿਸੇ ਅੰਮ੍ਰਿਤਧਾਰੀ ਗੁਰਸਿੱਖ ਨੂੰ ਪ੍ਰਸ਼ਾਸਕ ਨਿਯੁਕਤ ਕਰੇ। 

ਸਰਨਾ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿਚ ਤਾਂ ਦਖਲ ਅੰਦਾਜ਼ੀ ਕਰ ਰਹੇ ਹਨ। ਜਿੱਥੇ ਉਨ੍ਹਾਂ ਦਾ ਫਰਜ਼ ਬਣਦਾ ਸੀ ਉੱਥੇ ਉਨ੍ਹਾਂ ਸਰਕਾਰ ਨੂੰ ਇਸ ਬਾਰੇ ਕੋਈ ਸਲਾਹ ਨਹੀਂ ਦਿੱਤੀ ਕਿ ਇਹ ਗੈਰ ਸਿੱਖ ਪ੍ਰਸ਼ਾਸ਼ਕ ਨੂੰ ਲਗਾਉਣਾ ਸਿੱਖ ਹਿੱਤਾਂ ਦੇ ਖ਼ਿਲਾਫ਼ ਹੈ। ਅੱਜ ਜੋ ਹਾਲਾਤ ਸਾਡੇ ਲਈ ਬਣੇ ਹੋਏ ਹਨ, ਉਹ ਸਾਡੇ ਲਈ ਬਹੁਤ ਹੀ ਗੰਭੀਰ ਹਨ। ਸਮੁੱਚੇ ਖ਼ਾਲਸਾ ਪੰਥ ਨੂੰ ਚਾਹੀਦਾ ਹੈ ਕਿ ਇਸ ਸਮੇਂ ਜਦੋਂ ਪੱਤਾ-ਪੱਤਾ ਸਿੰਘਾਂ ਦਾ ਵੈਰੀ ਹੋ ਚੁੱਕਾ ਹੈ ਤਾਂ ਸਾਨੂੰ ਆਪਸੀ ਮਤਭੇਦ ਭੁਲਾ ਕੇ ਇਕਜੁਟ ਹੋ ਕੇ ਕੌਮ 'ਤੇ ਹੋ ਰਹੇ ਇਨ੍ਹਾਂ ਹਮਲਿਆਂ ਦਾ ਮੂੰਹ-ਤੋੜ ਜਵਾਬ ਦੇਣਾ ਚਾਹੀਦਾ ਹੈ। 


Tanu

Content Editor

Related News