ਨੋਇਡਾ 'ਚ ਪੁਲਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲੇ 'ਚ ਚੱਲੀਆਂ ਗੋਲ਼ੀਆਂ, 5 ਬਦਮਾਸ਼ ਗ੍ਰਿਫ਼ਤਾਰ
Tuesday, Oct 27, 2020 - 11:30 AM (IST)
ਨੋਇਡਾ- ਪੁਲਸ ਨੇ ਨੋਇਡਾ 'ਚ ਇਕ ਵਿਦਿਆਰਥੀ ਨਾਲ ਲੁੱਟਖੋਹ ਅਤੇ ਉਸ ਦੇ ਕਤਲ ਦੇ ਮਾਮਲੇ 'ਚ ਸ਼ਾਮਲ 5 ਬਦਮਾਸ਼ਾਂ ਨੂੰ ਮੰਗਲਵਾਰ ਸਵੇਰੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲਸ ਕਮਿਸ਼ਨਰ ਲਵ ਕੁਮਾਰ ਨੇ ਦੱਸਿਆ ਕਿ 2 ਸਤੰਬਰ ਦੀ ਰਾਤ ਨੂੰ ਸੈਕਟਰ 62 'ਚ ਰਹਿਣ ਵਾਲਾ ਬੀਟੈੱਕ ਦਾ ਵਿਦਿਆਰਥੀ ਅਕਸ਼ੈ ਕਾਲਰਾ ਆਪਣੀ ਕਾਰ 'ਤੇ ਕਿਤੇ ਜਾ ਰਿਹਾ ਸੀ, ਉਦੋਂ ਅਣਪਛਾਤੇ ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕਰ ਕੇ ਉਸ ਦੀ ਕਾਰ ਖੋਹ ਲਈ। ਬਦਮਾਸ਼ ਕਾਲਰਾ ਨੂੰ ਸੜਕ 'ਤੇ ਬੇਹੋਸ਼ੀ ਦੀ ਹਾਲਤ 'ਚ ਸੁੱਟ ਗਏ ਸਨ। ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅਗਲੇ ਦਿਨ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਲਈ 4 ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਘਟਨਾ ਦੀ ਜਾਂਚ ਕਰ ਰਹੇ ਥਾਣਾ ਸੈਕਟਰ 58 ਦੇ ਇੰਚਾਰਜ ਅਨਿਲ ਕੁਮਾਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਮੰਗਲਵਾਰ ਤੜਕੇ ਇਕ ਸੂਚਨਾ ਦੇ ਆਧਾਰ 'ਤੇ ਸੈਕਟਰ 62 ਕੋਲ ਕੁਝ ਬਦਮਾਸ਼ਾਂ ਨੂੰ ਘੇਰਿਆ, ਜਿਸ ਤੋਂ ਬਾਅਦ ਬਦਮਾਸ਼ਾਂ ਨੇ ਪੁਲਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਕੁਮਾਰ ਨੇ ਦੱਸਿਆ ਕਿ ਪੁਲਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਬਦਮਾਸ਼ਾਂ 'ਤੇ ਗੋਲੀਆਂ ਚਲਾਈਆਂ। ਇਸ ਗੋਲੀਬਾਰੀ 'ਚ ਚਾਰ ਬਦਮਾਸ਼ ਕੁਲਦੀਪ ਉਰਫ਼ ਹੈਪੀ, ਵਿਕਾਸ ਉਰਫ਼ ਵਿੱਕੀ, ਸੋਨੂੰ ਸਿੰਘ ਅਤੇ ਸ਼ਮੀਮ ਸ਼ੇਖ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਬਦਮਾਸ਼ਾਂ ਦਾ ਇਕ ਸਾਥੀ ਅਜੇ ਕੁਮਾਰ ਰਾਠੌੜ ਮੌਕੇ 'ਤੇ ਦੌੜ ਗਿਆ ਸੀ, ਜਿਸ ਨੂੰ ਪੁਲਸ ਨੇ ਬਾਅਦ 'ਚ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਚਾਰੇ ਜ਼ਖਮੀ ਬਦਮਾਸ਼ਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਇਨ੍ਹਾਂ ਬਦਮਾਸ਼ਾਂ ਕੋਲੋਂ ਇਕ ਪਿਸਤੌਲ, ਤਿੰਨ ਦੇਸੀ ਤਮੰਚੇ, ਕਾਰਤੂਸ ਅਤੇ ਕਾਲਰਾ ਦੀ ਕਾਰ ਬਰਾਮਦ ਕੀਤੀ ਹੈ। ਕੁਮਾਰ ਨੇ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਨੇ ਨੋਇਡਾ, ਗਾਜ਼ੀਆਬਾਦ ਅਤੇ ਦਿੱਲੀ 'ਚ ਲੁੱਟਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਸਵੀਕਾਰ ਕੀਤੀ ਹੈ। ਕਮਿਸ਼ਨਰ ਨੇ ਦੱਸਿਆ ਕਿ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਵਾਲੀ ਪੁਲਸ ਟੀਮ ਨੂੰ ਪੁਲਸ ਕਮਿਸ਼ਨਰ ਆਲੋਕ ਸਿੰਘ ਨੇ ਇਕ ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।