ਕੋਰੋਨਾ ਕਾਲ ਦੀ ਦਰਦਨਾਕ ਤਸਵੀਰ: ਇਕ-ਇਕ ਸਾਹ ਲਈ ਤੜਫ਼ਦੀ ਰਹੀ ਜਨਾਨੀ, ਹਸਪਤਾਲ ਦੇ ਬਾਹਰ ਤੋੜਿਆ ਦਮ
Saturday, May 01, 2021 - 12:51 PM (IST)
ਨੋਇਡਾ- ਦੇਸ਼ ਭਰ 'ਚ ਹਰ ਰੋਜ਼ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਮਾਮਲਿਆਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਨਾ ਲੋਕਾਂ ਨੂੰ ਬੈੱਡ ਮਿਲ ਰਹੇ ਹਨ ਅਤੇ ਨਾ ਆਕਸੀਜਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਕਹਿੰਦੇ ਹਨ ਕਿ ਯੂ.ਪੀ. 'ਚ ਬੈੱਡ ਦੀ ਘਾਟ ਨਹੀਂ ਹੈ ਪਰ ਯੂ.ਪੀ. ਦੇ ਸਭ ਤੋਂ ਹਾਈ ਪ੍ਰੋਫਾਈਲ ਸ਼ਹਿਰ ਨੋਇਡਾ 'ਚ ਬੈੱਡ ਨਾ ਮਿਲਣ ਕਾਰਨ ਲੋਕ ਸੜਕ 'ਤੇ ਮਰ ਰਹੇ ਹਨ। 35 ਸਾਲ ਦੀ ਜਾਗ੍ਰਿਤੀ ਗੁਪਤਾ ਨੋਇਡਾ ਦੇ ਸਰਕਾਰੀ ਜਿਮਸ ਹਸਪਤਾਲ ਦੀ ਪਾਰਕਿੰਗ 'ਚ ਖੜ੍ਹੀ ਗੱਡੀ 'ਚ ਤੜਫ਼ਦੀ ਰਹੀ ਪਰ ਹਸਪਤਾਲ ਨੇ ਇਨ੍ਹਾਂ ਨੂੰ ਕਹਿ ਦਿੱਤਾ ਕਿ ਨਾ ਬੈੱਡ ਹੈ ਅਤੇ ਨਾ ਹੀ ਆਕਸੀਜਨ। ਵੀਰਵਾਰ ਸਵੇਰੇ 12.30 ਵਜੇ ਇੱਥੇ ਪਹੁੰਚੀ ਜਾਗ੍ਰਿਤੀ ਨਾਲ ਆਏ ਲੋਕ ਵਾਰ-ਵਾਰ ਡਾਕਟਰਾਂ ਨੂੰ ਬੇਨਤੀ ਕਰਦੇ ਰਹੇ। ਕਰੀਬ 3 ਘੰਟੇ ਬਾਅਦ ਜਾਗ੍ਰਿਤੀ ਨੇ ਗੱਡੀ 'ਚ ਦਮ ਤੋੜ ਦਿੱਤਾ। ਜਾਗ੍ਰਿਤੀ ਪੇਸ਼ੇ ਤੋਂ ਇੰਜੀਨੀਅਰ ਸੀ ਅਤੇ ਗ੍ਰੇਟਰ ਨੋਇਡਾ 'ਚ ਨੌਕਰੀ ਕਰਦੀ ਸੀ। ਪਰਿਵਾਰ ਮੱਧ ਪ੍ਰਦੇਸ਼ 'ਚ ਹੈ।
ਘਟਨਾ ਦੇ ਚਸ਼ਮਦੀਦ ਸਚਿਨ ਨੇ ਦੱਸਿਆ ਕਿ ਜਾਗ੍ਰਿਤੀ ਜਿਨ੍ਹਾਂ ਦੇ ਇੱਥੇ ਰਹਿੰਦੀ ਹੈ ਉਹ ਹੀ ਹਸਪਤਾਲ ਲੈ ਕੇ ਪਹੁੰਚੇ ਸਨ। ਉਹ ਵਾਰ-ਵਾਰ ਹਸਪਤਾਲ ਨੂੰ ਜਾਗ੍ਰਿਤੀ ਦੇ ਇਲਾਜ ਕਰਨ ਦੀ ਗੁਹਾਰ ਲਗਾ ਰਹੇ ਸਨ ਪਰ ਕੁਝ ਨਹੀਂ ਹੋਇਆ। ਆਖ਼ਰ ਜਾਗ੍ਰਿਤੀ ਨੇ ਦਮ ਤੋੜ ਦਿੱਤਾ। ਨੋਇਡਾ 'ਚ ਇਸ ਸਮੇਂ ਹਾਲਾਤ ਬੇਹੱਦ ਖ਼ਰਾਬ ਹਨ। ਸਰਕਾਰੀ ਹਸਪਤਾਲਾਂ ਦੇ ਬਾਹਰ ਕੋਰੋਨਾ ਮਰੀਜ਼ਾਂ ਦੇ ਪਰਿਵਾਰ ਵਾਲੇ ਉਦਾਸ ਹੋ ਕੇ ਵਾਪਸ ਪਰਤ ਰਹੇ ਹਨ। ਸਾਰਿਆਂ ਨੂੰ ਦੱਸ ਦਿੱਤਾ ਗਿਆ ਹੈ ਕਿ ਬੈੱਡ ਨਹੀਂ ਹੈ। ਨੋਇਡਾ ਪ੍ਰਸ਼ਾਸਨ ਨੇ ਆਨਲਾਈਨ ਕੋਵਿਡ ਟਰੈਕਟਰ ਬਣਾ ਰੱਖਿਆ ਹੈ, ਜਿੱਥੇ ਆਕਸੀਜਨ ਅਤੇ ਆਈ.ਸੀ.ਯੂ. ਬੈੱਡ ਮਿਲਾ ਕੇ ਕੁੱਲ 2568 ਬੈੱਡ ਹਨ ਪਰ ਇਕ ਵੀ ਖਾਲੀ ਨਹੀਂ ਹੈ। ਸਰਕਾਰ ਕੁਝ ਵੀ ਕਹੇ ਪਰ ਅਸਲੀਅਤ ਇਹ ਕਿ ਪੂਰੇ ਉੱਤਰ ਪ੍ਰਦੇਸ਼ 'ਚ ਹਾਲਾਤ ਬਹੁਤ ਖ਼ਰਾਬ ਹਨ।