ਗੌਤਮਬੁੱਧ ਨਗਰ ਜ਼ਿਲੇ ਦੇ ਕਈ ਨਾਮਵਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Thursday, Feb 06, 2025 - 12:21 AM (IST)
ਨੋਇਡਾ (ਉੱਤਰ ਪ੍ਰਦੇਸ਼), (ਭਾਸ਼ਾ)- ਗੌਤਮ ਬੁੱਧ ਨਗਰ ਜ਼ਿਲੇ ਦੇ ਕਈ ਸਕੂਲਾਂ ਵਿਚ ਬੁੱਧਵਾਰ ਨੂੰ ਬੰਬ ਦੀ ਧਮਕੀ ਵਾਲਾ ਈ-ਮੇਲ ਪ੍ਰਾਪਤ ਹੋਈ, ਜਿਸ ਤੋਂ ਬਾਅਦ ਪੁਲਸ, ਫਾਇਰ ਬ੍ਰਿਗੇਡ ਅਤੇ ਬੰਬ ਸਕੁਐਡ ਸਕੂਲਾਂ ਵਿਚ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਇਹ ਸਿਰਫ਼ ਇਕ ਅਫਵਾਹ ਨਿਕਲੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਨੋਇਡਾ ਫਸਟ ਜ਼ੋਨ) ਰਾਮਬਦਨ ਸਿੰਘ ਨੇ ਕਿਹਾ ਕਿ ਜ਼ਿਲੇ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀਆਂ ਈ-ਮੇਲਾਂ ਮਿਲੀਆਂ ਹਨ, ਜਿਨ੍ਹਾਂ ਵਿਚ ਸਟੈਪ ਬਾਏ ਸਟੈਪ ਸਕੂਲ, ਗਿਆਨ ਸ਼੍ਰੀ ਸਕੂਲ, ਹੈਰੀਟੇਜ ਸਕੂਲ, ਮਯੂਰ ਸਕੂਲ ਆਦਿ ਸ਼ਾਮਲ ਹਨ।
ਸੂਚਨਾ ਮਿਲਦੇ ਹੀ ਪੁਲਸ ਸਬੰਧਤ ਸਕੂਲਾਂ ’ਚ ਪਹੁੰਚ ਗਈ। ਉਨ੍ਹਾਂ ਕਿਹਾ ਕਿ ਬੰਬ ਸਕੁਐਡ ਅਤੇ ਫਾਇਰ ਵਿਭਾਗ ਦੀ ਮਦਦ ਨਾਲ ਸਕੂਲਾਂ ਦੀ ਕੀਤੀ ਗਈ ਪੂਰੀ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਈਬਰ ਸੈੱਲ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਈ-ਮੇਲ ਕਿੱਥੋਂ ਆਈ।