ਸਾਡੀ ਆਵਾਜ਼ ਕੋਈ ਨਹੀਂ ਦਬਾ ਸਕਦਾ, ਸੱਚ ਸਾਡੇ ਨਾਲ ਹੈ: ਇੰਜੀਨੀਅਰ ਰਾਸ਼ਿਦ
Thursday, Sep 12, 2024 - 02:45 PM (IST)
ਸ਼੍ਰੀਨਗਰ- 5 ਸਾਲ ਤੋਂ ਵੱਧ ਸਮੇਂ ਤੱਕ ਜੇਲ੍ਹ 'ਚ ਰਹਿਣ ਮਗਰੋਂ ਘਰ ਪਰਤੇ ਸੰਸਦ ਮੈਂਬਰ ਸ਼ੇਖ ਅਬਦੁੱਲ ਰਸ਼ੀਦ ਉਰਫ਼ ਇੰਜੀਨੀਅਰ ਰਾਸ਼ਿਦ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਤੋਂ ਜ਼ਿਆਦਾ ਕਿਸੇ ਹੋਰ ਨੂੰ ਸ਼ਾਂਤੀ ਦੀ ਲੋੜ ਨਹੀਂ ਹੈ ਪਰ ਇਹ ਸ਼ਾਂਤੀ ਸਾਡੀਆਂ ਸ਼ਰਤਾਂ 'ਤੇ ਆਵੇਗੀ ਨਾ ਕਿ ਕੇਂਦਰ ਸਰਕਾਰ ਦੀ ਸ਼ਰਤਾਂ 'ਤੇ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਤੋਂ ਜ਼ਿਆਦਾ ਕਿਸੇ ਨੂੰ ਸ਼ਾਂਤੀ ਦੀ ਲੋੜ ਨਹੀਂ ਹੈ ਪਰ ਇਹ ਸ਼ਾਂਤੀ ਸਾਡੀਆਂ ਸ਼ਰਤਾਂ 'ਤੇ ਆਵੇਗੀ, ਤੁਹਾਡੀਆਂ ਸ਼ਰਤਾਂ 'ਤੇ ਨਹੀਂ। ਸਾਨੂੰ ਕਬਰਸਤਾਨ ਵਰਗੀ ਸ਼ਾਂਤੀ ਨਹੀਂ ਚਾਹੀਦੀ, ਸਗੋਂ ਸਨਮਾਨਪੂਰਵਕ ਸ਼ਾਂਤੀ ਚਾਹੀਦੀ ਹੈ।
ਹਵਾਈ ਅੱਡੇ ਦੇ ਬਾਹਰ ਉਨ੍ਹਾਂ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਆਪਣੇ ਸਮਰਥਕਾਂ ਦਾ ਧੰਨਵਾਦ ਜ਼ਾਹਰ ਕਰਦਿਆਂ ਰਾਸ਼ਿਦ ਨੇ ਕਿਹਾ ਕਿ ਉਹ ਕਸ਼ਮੀਰ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਉਹ ਬਿਲਕੁਲ ਵੀ ਕਮਜ਼ੋਰ ਨਹੀਂ ਹਨ। ਉਨ੍ਹਾਂ ਨੇ ਕੇਂਦਰ ਵਲੋਂ ਧਾਰਾ-370 ਨੂੰ ਹਟਾਏ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਲੋਕ ਜਿੱਤਣਗੇ ਕਿਉਂਕਿ ਜੰਮੂ-ਕਸ਼ਮੀਰ ਦੇ ਲੋਕ ਸੱਚਾਈ ਦੇ ਰਾਹ 'ਤੇ ਹਨ।
ਨਰਿੰਦਰ ਮੋਦੀ ਵਲੋਂ 5 ਅਗਸਤ 2019 ਨੂੰ ਲਏ ਗਏ ਫ਼ੈਸਲੇ ਸਾਨੂੰ ਪੂਰੀ ਤਰ੍ਹਾਂ ਨਾ-ਮਨਜ਼ੂਰ ਹਨ। ਚਾਹੇ ਤੁਸੀਂ ਇੰਜੀਨੀਅਰ ਰਾਸ਼ਿਦ ਨੂੰ ਤਿਹਾੜ ਭੇਜੋ ਜਾਂ ਕਿਤੇ ਹੋਰ, ਅਸੀਂ ਜਿਤਾਂਗੇ। ਆਪਣੇ ਪੁੱਤਰ ਅਤੇ ਪਾਰਟੀ ਨੇਤਾਵਾਂ ਨਾਲ ਘਿਰੇ ਰਾਸ਼ਿਦ ਨੇ ਆਪਣੇ ਸਮਰਥਕਾਂ ਨੂੰ ਹਿੰਮਤ ਨਾ ਹਾਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਸੱਚ ਸਾਡੇ ਨਾਲ ਹੈ। ਧਰਤੀ 'ਤੇ ਕੋਈ ਵੀ ਚਾਹੇ ਉਹ ਨਰਿੰਦਰ ਮੋਦੀ ਹੋਣ, ਅਮਿਤ ਸ਼ਾਹ ਹੋਣ, ਸਾਡੀ ਆਵਾਜ਼ ਨੂੰ ਦਬਾਅ ਨਹੀਂ ਸਕਦਾ। ਅਸੀਂ ਸੱਚ ਨਾਲ ਹਾਂ ਅਤੇ ਸੱਚਾਈ ਦੀ ਜਿੱਤ ਹੋਵੇਗੀ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਇਨਸਾਨਾਂ ਵਰਗਾ ਵਤੀਰਾ ਕੀਤਾ ਜਾਵੇ।