ਆਫ ਦ ਰਿਕਾਰਡ : ਨਿਤਿਨ ਨਬੀਨ ਦੀ ਉਡੀਕ ਹੋਰ ਲੰਬੀ ਹੋਈ

Monday, May 25, 2026 - 11:36 PM (IST)

ਆਫ ਦ ਰਿਕਾਰਡ : ਨਿਤਿਨ ਨਬੀਨ ਦੀ ਉਡੀਕ ਹੋਰ ਲੰਬੀ ਹੋਈ

ਨੈਸ਼ਨਲ ਡੈਸਕ- ਨਿਤਿਨ ਨਬੀਨ ਨੇ ਇਸ ਸਾਲ 20 ਜਨਵਰੀ ਨੂੰ ਭਾਜਪਾ ਪ੍ਰਧਾਨ ਦਾ ਅਹੁਦਾ ਸੰਭਾਲਿਆ ਤੇ ਵਿਧਾਨ ਸਭਾ ਚੋਣਾਂ ਦੌਰਾਨ ਸਰਗਰਮੀ ਨਾਲ ਪ੍ਰਚਾਰ ਕਰਦੇ ਹੋਏ ਇਕ ਦਰਜਨ ਤੋਂ ਵੱਧ ਸੂਬਿਆਂ ਦਾ ਤੂਫਾਨੀ ਦੌਰਾ ਸ਼ੁਰੂ ਕੀਤਾ।

ਅਹੁਦਾ ਸੰਭਾਲਣ ਤੋਂ 5 ਮਹੀਨੇ ਬਾਅਦ ਵੀ ਉਨ੍ਹਾਂ ਨੂੰ ਆਪਣੀ ਟੀਮ ਬਣਾਉਣ ਲਈ ਲੰਬੀ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਪੱਸ਼ਟ ਹੈ ਕਿ ਉਹ ਅਗਲੀਆਂ ਲੋਕ ਸਭਾ ਚੋਣਾਂ ਤੱਕ ਅਹੁਦੇ ’ਤੇ ਰਹਿਣਗੇ, ਕਿਉਂਕਿ ਉਨ੍ਹਾਂ ਦਾ ਤਿੰਨ ਸਾਲਾਂ ਦਾ ਕਾਰਜਕਾਲ ਜਨਵਰੀ 2029 ’ਚ ਖਤਮ ਹੋਣਾ ਹੈ। ਇਹ ਯਕੀਨੀ ਹੈ ਕਿ ਉਹ ਆਪਣੇ ਪੂਰਵਜਾਂ ਵਾਂਗ ਚੋਣਾਂ ਤੋਂ ਬਾਅਦ ਵੀ ਅਹੁਦੇ ’ਤੇ ਰਹਿਣਗੇ।

ਟੀਮ ਬਣਾਉਣ ’ਚ ਦੇਰੀ ਦਾ ਇਕ ਵੱਡਾ ਕਾਰਨ ਇਹ ਹੈ ਕਿ ਨਵੀਂ ਟੀਮ ਨੂੰ ਨਿਰੰਤਰਤਾ ਤੇ ਪੀੜ੍ਹੀ-ਦਰ-ਪੀੜ੍ਹੀ ਤਬਦੀਲੀ ਨੂੰ ਸੰਤੁਲਿਤ ਕਰਨਾ ਹੋਵੇਗਾ। ਪਾਰਟੀ ਢਾਂਚੇ ਅੰਦਰ ਨੌਜਵਾਨ ਚਿਹਰਿਆਂ ਨੂੰ ਉਤਸ਼ਾਹਿਤ ਕਰਨ ਲਈ ਲੀਡਰਸ਼ਿਪ ਸੰਗਠਨ ਦੇ ਅਹੁਦੇਦਾਰਾਂ ਲਈ 60 ਸਾਲ ਦੀ ਗੈਰ-ਰਸਮੀ ਉਮਰ ਦੀ ਉਪਰਲੀ ਹੱਦ ਲਾਗੂ ਕਰਨ ’ਤੇ ਵਿਚਾਰ ਕਰ ਰਹੀ ਹੈ।

ਜਿਨ੍ਹਾਂ ਦੇ ਪ੍ਰਭਾਵਸ਼ਾਲੀ ਅਹੁਦਿਆਂ ’ਤੇ ਬਣੇ ਰਹਿਣ ਦੀ ਸੰਭਾਵਨਾ ਹੈ, ਉਨ੍ਹਾਂ ’ਚ ਸੁਨੀਲ ਬਾਂਸਲ ਤੇ ਵਿਨੋਦ ਤਾਵੜੇ ਸ਼ਾਮਲ ਹਨ। ਦੋਵੇਂ ਇਸ ਸਮੇਂ ਜਨਰਲ ਸਕੱਤਰ ਹਨ। ਬੀ. ਐੱਲ. ਸੰਤੋਸ਼ ਦੇ ਕੁਝ ਸਮੇਂ ਲਈ ਸੰਗਠਨਾਤਮਕ ਜਨਰਲ ਸਕੱਤਰ ਬਣੇ ਰਹਿਣ ਦੀ ਉਮੀਦ ਹੈ।

ਪੰਜਾਬ ਵਿਧਾਨ ਸਭਾ ਦੀਆਂ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀਆਂ ਚੋਣਾਂ ਨੂੰ ਧਿਅਾਨ ’ਚ ਰਖਦਿਆਂ ਤਰੁਣ ਚੁੱਘ ਵੀ ਆਪਣੇ ਅਹੁਦੇ ’ਤੇ ਬਣੇ ਰਹਿਣਗੇ। ਉਹ ਪਾਰਟੀ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਹਨ। ਰਾਮ ਮਾਧਵ ਦੇ ਨਾਂ ’ਤੇ ਵੀ ਪਹਿਲਾਂ ਚਰਚਾ ਹੋ ਰਹੀ ਸੀ ਪਰ ਉਨ੍ਹਾਂ ਦੀ ਅਗਲੀ ਭੂਮਿਕਾ ਬਾਰੇ ਕੋਈ ਪੱਕਾ ਨਹੀਂ ਹੈ। ਸੰਕੇਤ ਹਨ ਕਿ ਪਾਰਟੀ ਦੇ ਜਨਰਲ ਸਕੱਤਰਾਂ ਜਿਵੇਂ ਕਿ ਰਾਧਾ ਮੋਹਨ ਦਾਸ ਅਗਰਵਾਲ, ਦੁਸ਼ਯੰਤ ਗੌਤਮ ਤੇ ਅਰੁਣ ਸਿੰਘ ਨੂੰ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ।

ਪਰ ਇਹ ਸਭ ਕੁਝ ਅਜੇ ਅੱਧਵਾਟੇ ਹੀ ਲਟਕਿਆ ਹੋਇਆ ਹੈ। ਉਡੀਕ ਜਾਰੀ ਹੈ। ਇਸ ਦੇਰੀ ਦਾ ਇਕ ਕਾਰਨ ਇਹ ਹੈ ਕਿ ਕੁਝ ਸੂਬਿਆਂ ਨਾਲ ਸਲਾਹ-ਮਸ਼ਵਰਾ ਅਜੇ ਵੀ ਜਾਰੀ ਹੈ। ਭਾਜਪਾ ਦੇ ਇਕ ਅੰਦਰੂਨੀ ਸੂਤਰ ਨੇ ਕਿਹਾ ਕਿ ਇਸ ਦੇਰੀ ਦਾ ਇਕ ਕਾਰਨ ‘ਅਸ਼ੁੱਭ ਸਮਾਂ’ ਵੀ ਹੈ ਜੋ 15 ਜੂਨ ਤੱਕ ਚੱਲੇਗਾ।


author

Rakesh

Content Editor

Related News