ਗਡਕਰੀ ਨੇ ਸੰਨਿਆਸ ਲੈਣ ਦੀਆਂ ਅਟਕਲਾਂ ਨੂੰ ਕੀਤਾ ਰੱਦ, ਕਿਹਾ- ਟਰੱਸਟ ਨੂੰ ਲੈ ਕੇ ਸੀ ''ਅਗਲੀ ਪੀੜ੍ਹੀ'' ਵਾਲੀ ਟਿੱਪਣੀ
Wednesday, Aug 26, 2026 - 10:02 AM (IST)
ਨਾਗਪੁਰ (ਏਜੰਸੀ)- ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਉਸ ਬਿਆਨ ਕਾਰਨ ਅਟਕਲਾਂ ਸ਼ੁਰੂ ਹੋ ਗਈਆਂ ਹਨ ਕਿ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਟਰੱਸਟ ਦੇ ਸਮਾਜਿਕ ਕੰਮ ਨੂੰ ਸੰਭਾਲਣਾ ਚਾਹੀਦਾ ਹੈ। ਕੁਝ ਮੀਡੀਆ ਚੈਨਲਾਂ ਨੇ ਇਸ ਨੂੰ ਜਨਤਕ ਜੀਵਨ ਤੋਂ ਉਨ੍ਹਾਂ ਦੇ ਸੰਭਾਵਿਤ ਸੰਨਿਆਸ ਨਾਲ ਜੋੜ ਕੇ ਵੇਖਿਆ ਪਰ ਉਨ੍ਹਾਂ ਦੇ ਦਫਤਰ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ।
ਗਡਕਰੀ ਦੇ ਦਫਤਰ ਨੇ ਕੇਂਦਰੀ ਮੰਤਰੀ ਦੇ ਰੁਖ ਨੂੰ ਸਪੱਸ਼ਟ ਕਰਦੇ ਹੋਏ ਇਕ ਅਧਿਕਾਰਤ ਬਿਆਨ ਜਾਰੀ ਕੀਤਾ, ਜਿਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਟਿੱਪਣੀ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ । ਉਹ ਖਾਸ ਤੌਰ ’ਤੇ ਲਕਸ਼ਮਣਰਾਓ ਮਾਨਕਰ ਟਰੱਸਟ ਬਾਰੇ ਗੱਲ ਕਰ ਰਹੇ ਸਨ। ਸਬੰਧਤ ਟਰੱਸਟ ਗਡਕਰੀ ਵੱਲੋਂ ਹੀ ਬਣਾਇਆ ਗਿਆ ਇਕ ਸੰਗਠਨ ਹੈ ਜੋ ਕਬਾਇਲੀ ਖੇਤਰਾਂ ’ਚ ਏਕਲ ਵਿਦਿਆਲਿਆ ਚਲਾਉਂਦਾ ਹੈ।
ਇਸ ਸੰਦਰਭ ’ਚ ਉਨ੍ਹਾਂ ਕਿਹਾ ਸੀ ਕਿ ਉਹ ਹੁਣ ਪਹਿਲਾਂ ਵਾਂਗ ਕੰਮ ਨਹੀਂ ਕਰ ਸਕਦੇ ਤੇ ਨੌਜਵਾਨ ਪੀੜ੍ਹੀ ਨੂੰ ਵਧੇਰੇ ਜ਼ਿੰਮੇਵਾਰੀ ਲੈਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਬਿਆਨ ’ਚ ਕਿਹਾ ਗਿਆ ਕਿ ਉਨ੍ਹਾਂ ਦੀ ਟਿੱਪਣੀ ਸਪੱਸ਼ਟ ਰੂਪ ’ਚ ਟਰੱਸਟ ਦੇ ਕੰਮਕਾਜ ਤੇ ਇਸ ਦੀ ਭਵਿੱਖ ਦੀ ਲੀਡਰਸ਼ਿਪ ਨਾਲ ਸਬੰਧਤ ਸੀ। ਹਾਲਾਂਕਿ, ਕੁਝ ਟੀ. ਵੀ. ਚੈਨਲ ਇਸ ਬਿਆਨ ਨੂੰ ਇਸ ਦੇ ਅਸਲ ਸੰਦਰਭ ਨਾਲੋਂ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਉਹ ਇਸ ਨੂੰ ਇਕ ਸਿਆਸੀ ਟਿੱਪਣੀ ਵਜੋਂ ਪੇਸ਼ ਕਰ ਰਹੇ ਹਨ।
ਸੋਮਵਾਰ ਨਾਗਪੁਰ ਦੇ ਕਟੋਲ ’ਚ ਏਕਲਵਯ ਏਕਲ ਵਿਦਿਆਲਿਆ ਅਧਿਆਪਕ-ਸੁਪਰਵਾਈਜ਼ਰ ਸਿਖਲਾਈ ਕਲਾਸ ’ਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਲਕਸ਼ਮਨਰਾਓ ਮਾਨਕਰ ਟਰੱਸਟ ਦੇ ਸਫਰ ਦਾ ਜ਼ਿਕਰ ਕੀਤਾ, ਜੋ ਕਬਾਇਲੀ ਖੇਤਰਾਂ ’ਚ ਕਈ ਸਕੂਲ ਚਲਾਉਂਦਾ ਹੈ। ਟਰੱਸਟ ਦੇ ਸਫਰ ਤੇ ਕਬਾਇਲੀ ਖੇਤਰਾਂ ’ਚ ਇਸ ਦੇ ਕੰਮ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨਵੀਂ ਪੀੜ੍ਹੀ ਨੂੰ ਜ਼ਿੰਮੇਵਾਰੀ ਸੰਭਾਲਨ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਪਿੱਛੇ ਹਟਣਗੇ ਤਾਂ ਜੋ ਨਵੀਂ ਪੀੜ੍ਹੀ ਟਰੱਸਟ ਦੇ ਸਮਾਜਿਕ ਕਾਰਜ ਸੰਭਾਲ ਸਕੇ। ਉਨ੍ਹਾਂ ਕਿਹਾ ਕਿ ਸੱਚ ਕਹਾਂ ਤਾਂ ਮੈਂ ਪ੍ਰੇਰਨਾ ਦਾ ਸੋਮਾ ਨਹੀਂ ਹਾਂ। ਅੱਜਕੱਲ੍ਹ ਮੈਂ ਪਹਿਲਾਂ ਜਿੰਨਾ ਕੰਮ ਨਹੀਂ ਕਰ ਸਕਦਾ। ਜਦੋਂ ਮੈਂ ਕਰ ਸਕਦਾ ਸੀ , ਬਹੁਤ ਜ਼ਿਆਦਾ ਕੀਤਾ। ਹੁਣ ਮੈਂ ਮਾਨਕਰ ਟਰੱਸਟ ਦੇ ਕੰਮ ’ਚ ਆਪਣੀ ਸ਼ਮੂਲੀਅਤ ਘਟਾ ਦਿੱਤੀ ਹੈ। ਮੈਂ ਸਾਰਿਆਂ ਨੂੰ ਕਿਹਾ ਹੈ ਕਿ ਇਹ ਕੰਮ ਹੁਣ ਨਵੀਂ ਪੀੜ੍ਹੀ ਨੂੰ ਸੌਂਪਿਆ ਜਾਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
