‘ਕਸ਼ਮੀਰ ’ਚ ਧਾਰਾ-370 ਹਟਣ ਮਗਰੋਂ ਅੱਤਵਾਦੀ ਗਤੀਵਿਧੀਆਂ ’ਚ ਕਮੀ ਆਈ, ਨਿਵੇਸ਼ ਦਾ ਮਾਹੌਲ ਬਣਿਆ’

03/23/2022 4:10:48 PM

ਨਵੀਂ ਦਿੱਲੀ (ਭਾਸ਼ਾ)– ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਣ ਮਗਰੋਂ ਉੱਥੇ ਅੱਤਵਾਦੀ ਗਤੀਵਿਧੀਆਂ ’ਚ ਕਮੀ ਆਈ ਹੈ ਅਤੇ ਨਿਵੇਸ਼ ਲਈ ਮਾਹੌਲ ਬਣਿਆ ਹੈ। ਜੰਮੂ-ਕਸ਼ਮੀਰ ਦੇ ਬਜਟ ਅਤੇ ਉਸ ਨਾਲ ਸਬੰਧਤ ਗ੍ਰਾਂਟਾਂ ਦੀ ਪੂਰਕ ਮੰਗਾਂ 'ਤੇ ਰਾਜ ਸਭਾ ਵਿਚ ਚਰਚਾ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 890 ਕੇਂਦਰੀ ਕਾਨੂੰਨ ਲਾਗੂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਪਹਿਲਾਂ ਇੱਥੇ ਕੋਈ ਅਧਿਕਾਰ ਨਹੀਂ ਸੀ, ਉਹ ਹੁਣ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ ਅਤੇ ਜ਼ਮੀਨਾਂ ਖਰੀਦ ਸਕਦੇ ਹਨ। ਵਿੱਤ ਮੰਤਰੀ ਦੇ ਜਵਾਬ ਤੋਂ ਬਾਅਦ ਉੱਚ ਸਦਨ ਨੇ ਜੰਮੂ-ਕਸ਼ਮੀਰ ਦੇ ਬਜਟ ਅਤੇ ਇਸ ਨਾਲ ਸਬੰਧਤ ਅਨੁਪੂਰਕ ਮੰਗਾਂ ਨੂੰ ਆਵਾਜ਼ ਵੋਟ ਰਾਹੀਂ ਵਾਪਸ ਕਰ ਦਿੱਤਾ। ਲੋਕ ਸਭਾ ਪਹਿਲਾਂ ਹੀ ਇਨ੍ਹਾਂ ਨੂੰ ਪਾਸ ਕਰ ਚੁੱਕੀ ਹੈ।

ਸੀਤਾਰਮਨ ਨੇ ਕਿਹਾ, "ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਲਈ ਬਣਾਈ ਗਈ ਉਦਯੋਗਿਕ ਪ੍ਰੋਤਸਾਹਨ ਯੋਜਨਾ ਨਾਲ ਸੂਬੇ ’ਚ ਉਦਯੋਗਿਕ ਵਿਕਾਸ ਲਈ ਜੋ ਵੱਖ-ਵੱਖ ਰੁਕਾਵਟਾਂ ਸਨ, ਉਨ੍ਹਾਂ ਨੂੰ ਦੂਰ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਦੇ ਵਿਕਾਸ ਲਈ ਨਵੇਂ ਦਰਵਾਜ਼ੇ ਖੋਲ੍ਹੇ ਗਏ ਹਨ।" ਕਸ਼ਮੀਰ ਵਿਚ ਸੁਰੱਖਿਆ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਤਵਾਦੀ ਘਟਨਾਵਾਂ ’ਚ ਕੁੱਲ ਮਿਲਾ ਕੇ ਕਮੀ ਆਈ ਹੈ। ਵਿੱਤ ਮੰਤਰੀ ਨੇ ਕਿਹਾ ਕਿ 2021 'ਚ ਘੁਸਪੈਠ 'ਚ 33 ਫੀਸਦੀ, ਜੰਗਬੰਦੀ ਦੀ ਉਲੰਘਣਾ 'ਚ 90 ਫੀਸਦੀ, ਅੱਤਵਾਦ ਨਾਲ ਸਬੰਧਤ ਘਟਨਾਵਾਂ 'ਚ 61 ਫੀਸਦੀ ਅਤੇ ਅੱਤਵਾਦੀਆਂ ਵੱਲੋਂ ਅਗਵਾ ਕਰਨ ਦੀਆਂ ਘਟਨਾਵਾਂ 'ਚ 80 ਫੀਸਦੀ ਕਮੀ ਆਈ ਹੈ।

ਸੀਤਾਰਮਨ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ 2021 ’ਚ ਪੁਲਸ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਸ਼ਹੀਦਾਂ ਦੀ ਗਿਣਤੀ ਚ 33 ਫੀਸਦੀ ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 2021 ਅਤੇ 2022 ਵਿਚ ਪੁਲਸ ਅਤੇ ਸੁਰੱਖਿਆ ਕਰਮਚਾਰੀਆਂ ਤੋਂ ਹਥਿਆਰ ਖੋਹਣ ਦੀ ਕੋਈ ਘਟਨਾ ਨਹੀਂ ਵਾਪਰੀ ਹੈ। ਸੀਤਾਰਮਨ ਨੇ ਕਿਹਾ ਕਿ 2021 'ਚ 44 ਚੋਟੀ ਦੇ ਅੱਤਵਾਦੀ ਕਮਾਂਡਰਾਂ ਸਮੇਤ 180 ਅੱਤਵਾਦੀ ਮਾਰੇ ਗਏ, ਜਿਨ੍ਹਾਂ 'ਚੋਂ 148 ਸਥਾਨਕ ਅਤੇ 32 ਵਿਦੇਸ਼ੀ ਹਨ। ਉਨ੍ਹਾਂ ਕਿਹਾ ਕਿ ਜੰਮੂ ਅਤੇ ਕਸ਼ਮੀਰ ’ਚ 100 ਫ਼ੀਸਦੀ ਪਾਤਰ ਆਬਾਦੀ ਨੂੰ ਕੋਵਿਡ ਰੋਕੂ ਟੀਕਾਕਰਨ ਕੀਤਾ ਗਿਆ ਹੈ। 


Tanu

Content Editor

Related News