ਜੰਮੂ-ਕਸ਼ਮੀਰ ’ਚ ਅੱਗ ਲੱਗਣ ਨਾਲ 9 ਦੁਕਾਨਾਂ ਸੜ ਕੇ ਹੋਈਆਂ ਸੁਆਹ
Saturday, Jun 19, 2021 - 03:41 PM (IST)

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਅੱਗ ਲੱਗਣ ਨਾਲ ਘੱਟੋ-ਘੱਟ 9 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜਦਕਿ ਇੱਥੇ ਜੰਮੂ-ਕਸ਼ਮੀਰ ਸੜਕ ਟਰਾਂਸਪੋਰਟ ਨਿਗਮ (ਜੇ. ਕੇ. ਆਰ. ਟੀ. ਸੀ.) ਯਾਰਡ ’ਚ ਅੱਗ ਲੱਗਣ ਦੀ ਇਕ ਹੋਰ ਘਟਨਾ ਵਿਚ ਉੱਥੇ ਖੜ੍ਹੀ ਇਕ ਬੱਸ ਅਤੇ ਦਰਜਨਾਂ ਟਾਇਰ ਸੜ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੁੰਛ ਦੇ ਮੰਡੀ ਇਲਾਕੇ ਵਿਚ ਤੜਕੇ ਕਰੀਬ ਪੌਣੇ 4 ਵਜੇ ਲੋਰਾਨ ਬੱਸ ਸਟੈਂਡ ਕੋਲ ਇਕ ਦੁਕਾਨ ਵਿਚ ਅੱਗ ਲੱਗ ਗਈ ਅਤੇ ਉਹ ਆਲੇ-ਦੁਆਲੇ ਦੀਆਂ ਦੁਕਾਨਾਂ ਤੱਕ ਫੈਲ ਗਈ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਬੁਝਾਊ ਦਸਤੇ ਦੇ ਕਾਮੇ ਅੱਗ ਬੁਝਾਉਣ ਵਿਚ ਸਫ਼ਲ ਰਹੇ।
9 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਅਤੇ ਅੱਗ ਲੱਗਣ ਦੀ ਵਜ੍ਹਾ ਦਾ ਪਤਾ ਲਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਘਟਨਾ ਵਿਚ ਜੰਮੂ ਦੇ ਨਰਵਾਲ ਇਲਾਕੇ ਵਿਚ ਟਰਾਂਸਪੋਰਟ ਨਗਰ ਵਿਚ ਜੇ. ਕੇ. ਆਰ. ਟੀ. ਸੀ. ਟਾਇਰ ਪੰਕਚਰ ਮੁਰੰਮਤ ਕਾਰਜਸ਼ਾਲਾ ਵਿਚ ਸਵੇਰੇ ਕਰੀਬ 8 ਵਜੇ ਅੱਗ ਲੱਗੀ। ਅੱਗ ਬੁਝਾਊ ਦਸਤਿਆਂ ਅਤੇ ਐਮਰਜੈਂਸੀ ਸੇਵਾ ਦੇ ਕਾਮਿਆਂ ਨੇ ਅੱਗ ’ਤੇ ਕਾਬੂ ਪਾਇਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਹੋਣ ਕਾਰਨ ਅੱਗ ਲੱਗੀ।