ਟਿੱਡੀਆਂ ਦੇ ਹਮਲੇ ਤੋਂ ਬਚਾਉਣ ਲਈ ਕੇਂਦਰ ਦੀ ਆਪਾਤ ਯੋਜਨਾ ਲਾਗੂ ਕਰਾਏ NGT

Friday, May 29, 2020 - 09:22 PM (IST)

ਟਿੱਡੀਆਂ ਦੇ ਹਮਲੇ ਤੋਂ ਬਚਾਉਣ ਲਈ ਕੇਂਦਰ ਦੀ ਆਪਾਤ ਯੋਜਨਾ ਲਾਗੂ ਕਰਾਏ NGT

ਨਵੀਂ ਦਿੱਲੀ (ਭਾਸ਼ਾ) - ਦਿੱਲੀ ਅਤੇ ਗੁਆਂਢੀ ਰਾਜਾਂ 'ਤੇ ਟਿੱਡੀ ਦਲ ਦੇ ਹਮਲੇ ਦੇ ਖਤਰਿਆਂ ਵਿਚਾਲੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ. ਜੀ. ਟੀ.) ਵਿਚ ਇਕ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ਵਿਚ ਇਸ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੀ ਆਪਾਤ ਯੋਜਨਾ ਲਾਗੂ ਕਰਨ ਦੀ ਅਪੀਲ ਕੀਤੀ ਗਈ ਹੈ। ਆਪਾਤ ਯੋਜਨਾ ਟਿੱਡੀ ਦਲ ਦੇ ਹਮਲੇ ਦੌਰਾਨ ਟਿੱਡੀ ਕੰਟਰੋਲ ਦਫਤਰਾਂ, ਰਾਜ ਸਰਕਾਰਾਂ ਅਤੇ ਹੋਰ ਹਿੱਤ ਧਾਰਕਾਂ ਲਈ ਦਿਸ਼ਾ-ਨਿਰਦੇਸ਼ ਦਸਤਾਵੇਜ਼ ਦਾ ਕੰਮ ਕਰਦੀ ਹੈ। ਇਕ ਗੈਰ-ਸਰਕਾਰੀ ਸੰਗਠਨ 'ਸੈਂਟਰ ਫਾਰ ਵਾਇਲਡ-ਲਾਈਫ ਐਂਡ ਇੰਨਵਾਇਰਮੈਂਟ ਲਿਟੀਗੇਸ਼ਨ ਫਾਊਂਡੇਸ਼ਨ' ਦੀ ਅਰਜ਼ੀ ਵਿਚ ਕਮੇਟੀਆਂ ਗਠਨ ਕਰਨ ਦੀ ਮੰਗ ਕੀਤੀ ਗਈ ਹੈ ਜੋ ਆਪਣੇ-ਆਪਣੇ ਖਿੱਤਿਆਂ ਵਿਚ ਟਿੱਡੀ ਹਮਲੇ ਨੂੰ ਕੰਟਰੋਲ ਕਰੇ।

ਇਸ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਆਪਾਤ ਯੋਜਨਾ ਦੇ ਬਾਵਜੂਦ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਜਿਹੇ ਕਈ ਰਾਜ ਫਰਵਰੀ ਤੋਂ ਹੀ ਟਿੱਡੀਆਂ ਦੇ ਹਮਲੇ ਦਾ ਸਾਹਮਣਾ ਕਰ ਰਹੇ ਹਨ, ਉਥੇ ਕੁਝ ਖਿੱਤਿਆਂ ਵਿਚ ਸਥਿਤੀ ਬਦਤਰ ਹੋ ਰਹੀ ਹੈ। ਗੁਜਰਾਤ ਅਤੇ ਮਹਾਰਾਸ਼ਟਰ ਲੱਖਾਂ ਟਿੱਡੀਆਂ ਤੋਂ ਪ੍ਰਭਾਵਿਤ ਹੋਏ ਹਨ ਜੋ ਉਸ ਖੇਤ ਦੀਆਂ ਫਸਲਾਂ ਨੂੰ ਖਤਮ ਕਰ ਜਾਂਦੀਆਂ ਹਨ ਜਿਸ 'ਤੇ ਉਹ ਹਮਲਾ ਕਰਦੀਆਂ ਹਨ। ਇਸ ਨਾਲ ਫਸਲ ਨੂੰ ਭਾਰੀ ਨੁਕਸਾਨ ਹੁੰਦਾ ਹੈ। ਅਰਜ਼ੀ ਵਿਚ ਕਿਹਾ ਗਿਆ ਹੈ ਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਨ੍ਹਾਂ ਰਾਜਾਂ ਦੇ ਕਿਸਾਨ ਹਨ, ਇਸ ਲਈ ਅਥਾਰਟੀ ਮਾਮਲੇ ਵਿਚ ਤੁਰੰਤ ਦਖਲਅੰਦਾਜ਼ੀ ਕਰੇ ਅਤੇ ਭਾਰਤ ਸਰਕਾਰ, ਖੇਤੀਬਾੜੀ ਮੰਤਰਾਲੇ, ਸਹਿਕਾਰੀ ਅਤੇ ਕਿਸਾਨ ਭਲਾਈ ਵਿਭਾਗ, ਅਤੇ ਕੁਲੈਕਸ਼ਨ ਡਾਇਰੈਕਟੋਰੇਟ ਵੱਲੋਂ ਤਿਆਰ ਕੀਤੀ ਗਈ ਯੋਜਨਾ ਦੇ ਲਾਗੂ ਕਰਨ 'ਤੇ ਸਥਿਤੀ ਰਿਪੋਰਟ ਪੇਸ਼ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰੇ। ਉਧਰ, ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ 'ਤੇ ਟਿੱਡੀਆਂ ਦੇ ਹਮਲੇ ਦੇ ਖਤਰਿਆਂ ਦੇ ਮੱਦੇਨਜ਼ਰ ਸਾਵਧਾਨੀ ਉਪਾਯ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ। ਇਸ ਵਿਚ ਦਿੱਲੀ ਸਰਕਾਰ ਨੇ ਅਧਿਕਾਰੀਆਂ ਤੋਂ ਕਿਸਾਨਾਂ ਦੇ ਵਿਚ ਜਾਗਰੂਕਤਾ ਪੈਦਾ ਕਰਨ, ਕੀਟਨਾਸ਼ਕ ਦੇ ਛਿੜਕਾਅ ਅਤੇ ਟਿੱਡੀਆਂ ਨੂੰ ਰਾਤ ਵਿਚ ਨਾ ਬੈਠਣ ਦੇਣ ਨੂੰ ਕਿਹਾ ਗਿਆ।


author

Khushdeep Jassi

Content Editor

Related News