NBA ਨੇ ਗਣਤੰਤਰ ਦਿਵਸ ਦੀ ਕਵਰੇਜ਼ ਨੂੰ ਲੈ ਕੇ ਸੀਨੀਅਰ ਸੰਪਾਦਕਾਂ ਵਿਰੁੱਧ ਸ਼ਿਕਾਇਤਾਂ ਦੀ ਨਿੰਦਾ ਕੀਤੀ
Tuesday, Feb 02, 2021 - 10:08 AM (IST)
ਨਵੀਂ ਦਿੱਲੀ- ਨਿਊਜ਼ ਬ੍ਰਾਡਕਾਸਟਰਜ਼ ਐਸੋਸੀਏਸ਼ਨ (ਐੱਨ.ਬੀ.ਏ.) ਨੇ ਕਿਸਾਨ ਅੰਦੋਲਨ ਅਤੇ ਗਣਤੰਤਰ ਦਿਵਸ 'ਤੇ ਹੋਈ ਹਿੰਸਾ ਦੇ ਕਵਰੇਜ਼ ਦੇ ਸਿਲਸਿਲੇ 'ਚ ਸੀਨੀਅਰ ਸੰਪਾਦਕਾਂ ਅਤੇ ਪੱਤਰਕਾਰਾਂ ਵਿਰੁੱਧ ਦਰਜ ਸ਼ਿਕਾਇਤਾਂ ਦੀ ਸੋਮਵਾਰ ਨੂੰ ਸਖ਼ਤ ਨਿੰਦਾ ਕੀਤੀ। ਇਸ ਦੇ ਨਾਲ ਹੀ ਐੱਨ.ਬੀ.ਏ. ਨੇ ਸ਼ਿਕਾਇਤਾਂ ਰੱਦ ਕਰਨ ਦੀ ਮੰਗ ਕੀਤੀ। ਦਿੱਲੀ 'ਚ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ 'ਤੇ ਭੁਲੇਖਾ ਪਾਊ ਟਵੀਟ ਕਰਨ ਨੂੰ ਲੈ ਕੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਪੁਲਸ ਨੇ 6 ਸੀਨੀਅਰ ਪੱਤਰਕਾਰਾਂ ਮ੍ਰਿਣਾਲ ਪਾਂਡੇ, ਰਾਜਦੀਪ ਸਰਦੇਸਾਈ, ਵਿਨੋਦ ਜੋਸ, ਜਫਰ ਆਗਾ, ਪਰੇਸ਼ ਨਾਥ ਅਤੇ ਅਨੰਤ ਨਾਥ ਤੋਂ ਇਲਾਵਾ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ।
ਇਹ ਵੀ ਪੜ੍ਹੋ : ਸਿਰਸਾ ਨੇ ਦਿੱਲੀ ਪੁਲਸ ਵਲੋਂ ਗ੍ਰਿਫਤਾਰ ਕੀਤੇ 120 ਲੋਕਾਂ ਦੀ ਸੂਚੀ ਕੀਤੀ ਜਾਰੀ
ਨਿਊਜ਼ ਬ੍ਰਾਡਕਾਸਟਰਜ਼ ਐਸੋਸੀਏਸ਼ਨ (ਐੱਨ.ਬੀ.ਏ.) ਨੇ ਕਿਹਾ,''ਉਸ ਦਾ ਮੰਨਣਾ ਹੈ ਕਿ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਆਜ਼ਾਦ, ਨਿਰਪੱਖ, ਸੰਤੁਲਿਤ ਅਤੇ ਤਰਕਪੂਰਨ ਤਰੀਕੇ ਨਾਲ ਕਵਰ ਕਰ ਰਹੀ ਹੈ। ਬਿਆਨ ਅਨੁਸਾਰ, ਐੱਨ.ਬੀ.ਏ. ਨੇ ਕਿਸਾਨ ਅੰਦੋਲਨ ਅਤੇ 26 ਜਨਵਰੀ ਨੂੰ ਦਿੱਲੀ 'ਚ ਹੋਈ ਹਿੰਸਾ ਦੀ ਕਵਰੇਜ਼ ਨੂੰ ਲੈ ਕੇ ਸੀਨੀਅਰ ਸੰਪਾਦਕਾਂ ਅਤੇ ਪੱਤਰਕਾਰਾਂ ਵਿਰੁੱਧ ਦਰਜ ਸ਼ਿਕਾਇਤਾਂ ਦੀ ਸਖ਼ਤ ਨਿੰਦਾ ਕੀਤੀ ਹੈ।