ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਦਿੱਲੀ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ; 20,000 ਪੁਲਸ ਕਰਮਚਾਰੀ ਰਹਿਣਗੇ ਤਾਇਨਾਤ
Saturday, Dec 27, 2025 - 02:24 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ਨਵੇਂ ਸਾਲ ਦੇ ਮੌਕੇ 'ਤੇ ਰਾਸ਼ਟਰੀ ਰਾਜਧਾਨੀ 'ਚ ਸੁਰੱਖਿਆ ਵਿਵਸਥਾ ਨੂੰ ਬੇਹੱਦ ਸਖ਼ਤ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ, ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਨੂੰ ਅਮਨ-ਕਾਨੂੰਨ ਬਣਾਈ ਰੱਖਣ ਲਈ ਟ੍ਰੈਫਿਕ ਪੁਲਸ ਅਤੇ ਅਰਧ ਸੈਨਿਕ ਬਲਾਂ ਸਮੇਤ ਲਗਭਗ 20,000 ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ।
ਹੁਲੜਬਾਜ਼ੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਰਹੇਗੀ ਤਿੱਖੀ ਨਜ਼ਰ
ਪੁਲਸ ਦਾ ਮੁੱਖ ਧਿਆਨ ਸ਼ਰਾਬ ਪੀ ਕੇ ਗੱਡੀ ਚਲਾਉਣ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਹੁੱਲੜਬਾਜ਼ੀ ਨੂੰ ਰੋਕਣ 'ਤੇ ਹੈ। ਗੁਆਂਢੀ ਸੂਬਿਆਂ ਤੋਂ ਆਉਣ ਵਾਲੀ ਭੀੜ ਦੇ ਮੱਦੇਨਜ਼ਰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੀਆਂ ਦਿੱਲੀ ਦੀਆਂ ਸਰਹੱਦਾਂ 'ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਹਿਰ ਦੇ ਪ੍ਰਵੇਸ਼ ਦੁਆਰਾਂ, ਪਾਰਟੀ ਜ਼ੋਨਾਂ, ਬਾਜ਼ਾਰਾਂ ਅਤੇ 'ਨਾਈਟ ਲਾਈਫ' ਵਾਲੀਆਂ ਥਾਵਾਂ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਜਾਵੇਗੀ।
ਸਟੰਟਬਾਜ਼ੀ ਕਰਨ ਵਾਲਿਆਂ ਦੇ ਵਾਹਨ ਹੋਣਗੇ ਜ਼ਬਤ
ਟ੍ਰੈਫਿਕ ਪੁਲਸ ਨੇ ਖਤਰਨਾਕ ਡਰਾਈਵਿੰਗ ਅਤੇ ਸਟੰਟਬਾਜ਼ੀ ਨਾਲ ਨਜਿੱਠਣ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ। ਜਾਂਚ ਪੁਆਇੰਟਾਂ 'ਤੇ 'ਬ੍ਰੈਥ ਐਨਾਲਾਈਜ਼ਰ' ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾਵੇਗੀ ਤਾਂ ਜੋ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਜਾਂ ਸਟੰਟ ਕਰਨ ਵਾਲਿਆਂ ਦੇ ਵਾਹਨ ਤੁਰੰਤ ਜ਼ਬਤ ਕਰ ਲਏ ਜਾਣਗੇ।
ਪ੍ਰਮੁੱਖ ਸਥਾਨਾਂ 'ਤੇ ਵਿਸ਼ੇਸ਼ ਪਾਬੰਦੀਆਂ
ਕਨੌਟ ਪਲੇਸ, ਹੌਜ਼ ਖਾਸ ਅਤੇ ਪ੍ਰਮੁੱਖ ਮਾਲਾਂ ਦੇ ਆਲੇ-ਦੁਆਲੇ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਗਏ ਹਨ। ਕਨੌਟ ਪਲੇਸ ਦੇ 'ਇਨਰ ਸਰਕਲ' 'ਚ ਸਿਰਫ਼ ਉਨ੍ਹਾਂ ਵਾਹਨਾਂ ਨੂੰ ਹੀ ਪ੍ਰਵੇਸ਼ ਮਿਲੇਗਾ ਜਿਨ੍ਹਾਂ ਕੋਲ ਵੈਧ ਸਟਿੱਕਰ ਹੋਣਗੇ। ਇਸ ਤੋਂ ਇਲਾਵਾ, ਇੰਡੀਆ ਗੇਟ 'ਤੇ ਵੀ ਵਾਧੂ ਫੋਰਸ ਤਾਇਨਾਤ ਰਹੇਗੀ।
ਰਾਤ ਭਰ ਚੱਲੇਗੀ ਚੈਕਿੰਗ ਮੁਹਿੰਮ
ਥਾਣਾ ਇੰਚਾਰਜਾਂ (SHOs) ਨੂੰ ਪੂਰੀ ਰਾਤ ਆਪਣੀਆਂ ਟੀਮਾਂ ਨਾਲ ਸੜਕਾਂ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਮਹੱਤਵਪੂਰਨ ਸਥਾਨਾਂ 'ਤੇ ਕੁਇੱਕ ਰਿਐਕਸ਼ਨ ਟੀਮਾਂ (QRT) ਤੈਨਾਤ ਕੀਤੀਆਂ ਗਈਆਂ ਹਨ। ਪੁਲਸ ਵੱਲੋਂ ਹੋਟਲਾਂ, ਗੈਸਟ ਹਾਊਸਾਂ, ਰੈਣ ਬਸੇਰਿਆਂ ਅਤੇ ਰੇਲਵੇ ਸਟੇਸ਼ਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਰਾਜਧਾਨੀ 'ਚ ਰਹਿ ਰਹੇ ਕਿਸੇ ਵੀ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
