3 ਮਹੀਨਿਆਂ 'ਚ ਤਿਆਰ ਹੋਇਆ 'ਨਿਆਂ ਦੀ ਦੇਵੀ' ਦਾ ਨਵਾਂ ਬੁੱਤ? ਮੂਰਤੀਕਾਰ ਨੇ ਦੱਸੀ CJI ਦੀ ਅਹਿਮ ਭੂਮਿਕਾ

Friday, Oct 18, 2024 - 05:46 AM (IST)

ਨੈਸ਼ਨਲ ਡੈਸਕ - ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੇ ਹੁਕਮਾਂ 'ਤੇ ਅਦਾਲਤਾਂ 'ਚ ਦਿਖਾਈ ਦੇਣ ਵਾਲੀ 'ਨਿਆਂ ਦੀ ਦੇਵੀ' ਦੀ ਮੂਰਤੀ 'ਚ ਅਹਿਮ ਬਦਲਾਅ ਕੀਤੇ ਗਏ ਹਨ। ਪਹਿਲਾਂ ਮੂਰਤੀ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੁੰਦੀ ਸੀ, ਪਰ ਹੁਣ ਇਸ ਨੂੰ ਖੁੱਲ੍ਹ ਦਿੱਤਾ ਗਿਆ ਹੈ। ਨਵੀਂ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਵਿਨੋਦ ਗੋਸਵਾਮੀ ਨੇ ਇਕ ਨਿਊਜ਼ ਚੈਨਲ ਨਾਲ ਵਿਸ਼ੇਸ਼ ਗੱਲਬਾਤ 'ਚ ਦੱਸਿਆ ਕਿ ਇਸ ਬੁੱਤ ਨੂੰ ਤਿੰਨ ਮਹੀਨਿਆਂ ਦੀ ਕੜੀ ਮਿਹਨਤ ਨਾਲ ਬਣਾਇਆ ਗਿਆ ਹੈ।

ਵਿਨੋਦ ਗੋਸਵਾਮੀ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹ ਮੂਰਤੀ ਬਣਾਉਣ ਦਾ ਮੌਕਾ ਮਿਲਿਆ। ਇਹ ਕੰਮ ਸੀ.ਜੇ.ਆਈ. ਡੀ.ਵਾਈ. ਚੰਦਰਚੂੜ ਦੀ ਰਹਿਨੁਮਾਈ ਅਤੇ ਅਗਵਾਈ ਹੇਠ ਪੂਰਾ ਹੋਇਆ। ਇਹ ਸਾਡੇ ਦੇਸ਼ ਲਈ ਇਤਿਹਾਸਕ ਪਲ ਹੈ। ਉਸ ਨੇ ਦੱਸਿਆ ਕਿ ਪਹਿਲਾਂ ਮੂਰਤੀ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੁੰਦੀ ਸੀ, ਹੱਥ 'ਚ ਤਲਵਾਰ ਅਤੇ ਗਾਊਨ ਪਹਿਨਿਆ ਹੋਇਆ ਸੀ। ਸੀ.ਜੇ.ਆਈ. ਨੇ ਮੈਨੂੰ ਕਿਹਾ ਕਿ ਨਵੀਂ ਮੂਰਤੀ ਅਜਿਹੀ ਹੋਣੀ ਚਾਹੀਦੀ ਹੈ ਜੋ ਸਾਡੇ ਦੇਸ਼ ਦੀ ਵਿਰਾਸਤ, ਸੰਵਿਧਾਨ ਅਤੇ ਪ੍ਰਤੀਕ ਨਾਲ ਸਬੰਧਤ ਹੋਵੇ। ਫਿਰ ਸਭ ਤੋਂ ਪਹਿਲਾਂ ਅਸੀਂ ਇੱਕ ਡਰਾਇੰਗ ਬਣਾਈ, ਉਸ ਤੋਂ ਬਾਅਦ ਅਸੀਂ ਇੱਕ ਛੋਟੀ ਜਿਹੀ ਮੂਰਤੀ ਬਣਾਈ।

ਉਨ੍ਹਾਂ ਦੱਸਿਆ ਕਿ ਜਦੋਂ ਮੈਂ ਸੀ.ਜੇ.ਆਈ. ਡੀ.ਵਾਈ. ਚੰਦਰਚੂੜ ਨੂੰ ਉਹ ਮੂਰਤੀ ਦਿਖਾਈ ਤਾਂ ਉਨ੍ਹਾਂ ਨੇ ਮਨਜ਼ੂਰੀ ਦਿੱਤੀ ਤਾਂ ਅਸੀਂ ਵੱਡੀ ਮੂਰਤੀ ਬਣਾ ਦਿੱਤੀ। ਇਹ ਮੂਰਤੀ ਸਾਢੇ ਛੇ ਫੁੱਟ ਉੱਚੀ ਹੈ। ਮੂਰਤੀ ਦਾ ਭਾਰ 125 ਕਿਲੋਗ੍ਰਾਮ ਹੈ। ਗਾਊਨ ਦੀ ਥਾਂ ਮੂਰਤੀ ਨੂੰ ਸਾੜ੍ਹੀ ਪਹਿਨਾਈ ਗਈ ਹੈ। ਮੂਰਤੀ ਫਾਈਬਰ ਗਲਾਸ ਦੀ ਬਣੀ ਹੋਈ ਹੈ।

ਵਿਨੋਦ ਗੋਸਵਾਮੀ ਨੇ ਕਿਹਾ ਕਿ ਸਾਨੂੰ ਕਿਹਾ ਗਿਆ ਸੀ ਕਿ ਨਵੀਂ ਮੂਰਤੀ ਦੀਆਂ ਅੱਖਾਂ 'ਤੇ ਨਾ ਤਾਂ ਪੱਟੀ ਹੋਣੀ ਚਾਹੀਦੀ ਹੈ ਅਤੇ ਨਾ ਹੀ ਹੱਥ 'ਚ ਤਲਵਾਰ ਹੋਣੀ ਚਾਹੀਦੀ ਹੈ। ਇਸੇ ਆਧਾਰ 'ਤੇ ਅਸੀਂ ਇਕ ਹੱਥ 'ਚ ਤੱਕੜੀ ਅਤੇ ਦੂਜੇ ਹੱਥ 'ਚ ਸੰਵਿਧਾਨ ਰੱਖਿਆ ਹੈ। ਨਾਲ ਹੀ ਗਾਊਨ ਦੀ ਥਾਂ ਸਾੜ੍ਹੀ ਨਾਲ ਭਾਰਤੀ ਔਰਤ ਦੀ ਪਛਾਣ ਰੱਖੀ ਗਈ ਹੈ। ਤਕਰੀਬਨ 70-75 ਸਾਲਾਂ ਬਾਅਦ ਇਸ ਨੂੰ ਬਣਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ।

ਮੂਰਤੀ ਦੀਆਂ ਅੱਖਾਂ 'ਤੇ ਬੰਨ੍ਹੀ ਪੱਟੀ ਦਾ ਕੀ ਸੀ ਮਤਲਬ
ਨਵੇਂ ਬੁੱਤ ਰਾਹੀਂ ਸ਼ਾਇਦ ਆਮ ਲੋਕਾਂ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਾਨੂੰਨ ਅੰਨ੍ਹਾ ਨਹੀਂ ਹੁੰਦਾ। ਆਮ ਤੌਰ 'ਤੇ ਪਹਿਲਾਂ ਲੋਕ ਇਸ ਬੁੱਤ ਦਾ ਹਵਾਲਾ ਦਿੰਦੇ ਸਨ ਅਤੇ ਕਹਿੰਦੇ ਸਨ ਕਿ ਕਾਨੂੰਨ ਅੰਨ੍ਹਾ ਹੈ। ਉਂਜ, ਪਹਿਲਾਂ ਇਸ ਬੰਨ੍ਹੀ ਪੱਟੀ ਦਾ ਸੁਨੇਹਾ ਸੀ ਕਿ ਅਦਾਲਤੀ ਪ੍ਰਕਿਰਿਆ ਦੌਰਾਨ ਅਦਾਲਤ ਮੂੰਹ ਦੇਖ ਕੇ ਫ਼ੈਸਲਾ ਨਹੀਂ ਦਿੰਦੀ, ਸਗੋਂ ਹਰ ਵਿਅਕਤੀ ਲਈ ਬਰਾਬਰ ਦਾ ਇਨਸਾਫ਼ ਹੁੰਦਾ ਹੈ।

ਨਾਲ ਹੀ, ਪਹਿਲਾਂ ਨਿਆਂ ਦੀ ਦੇਵੀ ਦੀ ਮੂਰਤੀ ਦੇ ਖੱਬੇ ਹੱਥ ਵਿੱਚ ਤਲਵਾਰ ਹੁੰਦੀ ਸੀ। ਹੁਣ ਤਲਵਾਰ ਦੀ ਥਾਂ 'ਤੇ ਸੰਵਿਧਾਨ ਰੱਖ ਦਿੱਤਾ ਗਿਆ ਹੈ, ਜਿਸ ਰਾਹੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਦਾਲਤ ਵਿੱਚ ਸਥਾਪਿਤ ਕੀਤੀ ਗਈ ਨਿਆਂ ਦੀ ਦੇਵੀ ਦੀ ਮੂਰਤੀ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਪ੍ਰਚਲਿਤ ਹੈ ਪਰ ਹੁਣ ਇਸ ਵਿੱਚ ਬਦਲਾਅ ਕਰਕੇ ਨਿਆਂਪਾਲਿਕਾ ਦੇ ਅਕਸ ਨੂੰ ਸਮੇਂ ਅਨੁਸਾਰ ਬਦਲਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।


Inder Prajapati

Content Editor

Related News