ਭਾਰਤ ਦੀ ਨਵੀਂ ਸਰਕਾਰ ਨੂੰ ਵਿਦੇਸ਼ ਨੀਤੀ ਸਬੰਧੀ ਲੈਣੇ ਪੈਣਗੇ ਅਹਿਮ ਫੈਸਲੇ
Tuesday, May 21, 2019 - 10:31 AM (IST)

ਵਾਸ਼ਿੰਗਟਨ— ਅਮਰੀਕਾ ਦੇ ਮੁੱਖ ਭਾਰਤੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ 'ਚ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਘੋਸ਼ਣਾ ਦੇ ਬਾਅਦ ਬਣਨ ਵਾਲੀ ਸਰਕਾਰ ਨੂੰ ਵਿਦੇਸ਼ ਨੀਤੀ ਦੇ ਸਬੰਧ 'ਚ, ਖਾਸ ਕਰ ਕੇ ਆਰਥਿਕ ਖੇਤਰ 'ਚ ਅਹਿਮ ਫੈਸਲੇ ਕਰਨੇ ਹੋਣਗੇ। 'ਅਵਰ ਟਾਈਮ ਹੈਜ਼ ਕਮ : ਹਾਓ ਇੰਡੀਆ ਇਜ਼ ਮੇਕਿੰਗ ਇਟਸ ਪਲੇਸ ਇਨ ਦਾ ਵਰਲਡ' ਕਿਤਾਬ ਦੀ ਲੇਖਿਕਾ ਤੇ ਓਬਾਮਾ ਪ੍ਰਸ਼ਾਸਨ 'ਚ ਸੇਵਾਵਾਂ ਦੇਣ ਵਾਲੀ ਆਇਰਸ ਨੇ ਕਿਹਾ ਕਿ ਹਾਲਾਂਕਿ ਹਰ ਸਰਕਾਰ 'ਚ ਭਾਰਤ ਤੇ ਅਮਰੀਕਾ ਦੇ ਸਬੰਧਾਂ 'ਚ ਰੱਖਿਆ ਖੇਤਰ 'ਚ ਤਰੱਕੀ ਹੋਈ ਹੈ ਪਰ ਵਪਾਰ ਤੇ ਆਰਥਿਕ ਮੋਰਚੇ 'ਤੇ ਤਣਾਅ ਵਧਿਆ ਹੈ।
'ਕਾਰਨੇਗੀ ਇੰਡੋਮੇਂਟ ਫਾਰ ਇੰਟਰਨੈਸ਼ਨਲ ਪੀਸ' 'ਚ ਕੰਮ ਕਰ ਰਹੇ ਐਸ਼ਲੇ ਟੈਲਿਸ ਨੇ ਆਪਣੇ ਲੇਖ,'ਟ੍ਰਬਲਜ਼ ਅਪਲੈਂਟੀ : ਫੋਰਨ ਪਾਲਿਸੀ ਚੈਲੇਂਜਿਸ ਫਾਰ ਦਿ ਨੈਕਸਟ ਇੰਡੀਅਨ ਗਵਰਨਮੈਂਟ' 'ਚ ਕਿਹਾ ਕਿ ਐਗਜ਼ਿਟ ਪੋਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਬਾਰਾ ਚੁਣੇ ਜਾਣ ਦਾ ਅੰਦਾਜ਼ਾ ਲਗਾਇਆ ਹੈ।
ਉਨ੍ਹਾਂ ਨੂੰ ਭਾਰਤ 'ਚ ਹੀ ਨਹੀਂ ਬਲਕਿ ਉਸ ਤੋਂ ਅੱਗੇ ਵੀ ਭਿਆਨਕ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਟੈਲਿਸ ਨੇ ਕਿਹਾ,''ਜੇਕਰ ਭਾਰਤ ਨੇ ਆਗਲੇ ਦਹਾਕਿਆਂ 'ਚ ਵੱਡੀ ਤਾਕਤ ਬਣਨ ਦੀ ਇੱਛਾ ਪੂਰੀ ਕਰਨੀ ਹੈ ਤਾਂ ਅਗਲੀ ਸਰਕਾਰ ਨੂੰ ਘਰੇਲੂ ਪੱਧਰ 'ਤੇ ਆਰਥਿਕ ਸੁਧਾਰ ਤੇਜ਼ ਕਰਨੇ ਹੋਣਗੇ। ਭਾਰਤ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਹੋਵੇਗਾ, ਉਸ ਦੇ ਸੰਵਿਧਾਨਕ ਚਰਿੱਤਰ ਨੂੰ ਬਚਾ ਕੇ ਰੱਖਣਾ ਹੋਵੇਗਾ। ਇਹ ਸਾਰੇ ਹਾਲੀਆ ਸਾਲਾਂ 'ਚ ਬੁਰੀ ਤਰ੍ਹਾਂ ਸੰਘਰਸ਼ ਕਰ ਰਹੇ ਹਨ।''
ਜਾਨਸ ਹੌਪਕਿਨਸ ਸਕੂਲ ਆਫ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼ 'ਚ ਐਸੋਸਿਏਟ ਪ੍ਰੋਫੈਸਰ ਜੋਸ਼ੁਆ ਵ੍ਹਾਈਟ ਨੇ ਵੀ ਕਿਹਾ ਕਿ ਅਗਲੀ ਸਰਕਾਰ ਲਈ ਸਭ ਤੋਂ ਅਹਿਮ ਕੰਮ ਆਰਥਿਕ ਸੁਧਾਰ ਹੋਣਗੇ। ਅਨੀਸ਼ ਗੋਇਲ ਨੇ ਵੀ ਕਿਹਾ ਕਿ ਸੱਤਾ 'ਚ ਕੋਈ ਵੀ ਆਏ, ਉਸ ਨੂੰ ਵਪਾਰਕ ਸੰਬੰਧਾਂ ਸਮੇਤ ਵਿਦੇਸ਼ ਨੀਤੀ ਸਬੰਧੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ ਜੋ ਮੁਸ਼ਕਲ ਹੁੰਦੀਆਂ ਜਾ ਰਹੀਆਂ ਹਨ।