ਗ੍ਰਹਿ ਮੰਤਰੀ ਅਮਿਤ ਸ਼ਾਹ ਹੋਏ ਸਿਹਤਯਾਬ, ਏਮਜ਼ 'ਚੋਂ ਮਿਲੀ ਛੁੱਟੀ

08/31/2020 11:12:13 AM

ਨਵੀਂ ਦਿੱਲੀ (ਬਿਊਰੋ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅੱਜ ਏਮਜ਼ ਤੋਂ ਛੁੱਟੀ ਦੇ ਦਿੱਤੀ ਗਈ। ਕੱਲ ਹੀ ਏਮਜ਼ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਠੀਕ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾਵੇਗੀ। ਅਮਿਤ ਸ਼ਾਹ 18 ਅਗਸਤ ਨੂੰ ਹਲਕੇ ਬੁਖਾਰ ਦੀ ਸ਼ਿਕਾਇਤ ਦੇ ਬਾਅਦ ਦਿੱਲੀ ਦੇ ਏਮਜ਼ ਵਿਚ ਦਾਖਲ ਹੋਏ ਸਨ। ਕਰੀਬ 12 ਦਿਨਾਂ ਤੱਕ ਉਹਨਾਂ ਦਾ ਇਲਾਜ ਚੱਲਿਆ। 

ਗੌਰਤਲਬ ਹੈ ਕਿ 2 ਅਗਸਤ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਦੇ ਬਾਅਦ ਉਹਨਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। 14 ਅਗਸਤ ਨੂੰ ਉਹਨਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਉਹਨਾਂ ਨੂੰ ਮੇਦਾਂਤਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਇਸ ਦੇ ਬਾਅਦ ਉਹ ਘਰੇਲੂ ਇਕਾਂਤਵਾਸ ਵਿਚ ਸਨ। 

ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ,''ਮੇਰੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਮੈਂ ਈਸ਼ਵਰ ਦਾ ਧੰਨਵਾਦ ਕਰਦਾ ਹਾਂ। ਇਸ ਸਮੇਂ ਜਿਹੜੇ ਲੋਕਾਂ ਨੇ ਮੇਰੇ ਸਿਹਤ ਲਾਭ ਦੇ ਲਈ ਸ਼ੁੱਭ ਕਾਮਨਾਵਾਂ ਦੇ ਕੇ ਮੇਰਾ ਅਤੇ ਮੇਰੇ ਪਰਿਵਾਰ ਵਾਲਿਆਂ ਦਾ ਹੌਂਸਲਾ ਵਧਾਇਆ, ਉਹਨਾਂ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਜ਼ਾਹਰ ਕਰਦਾ ਹਾਂ।'' 

ਕੋਰੋਨਾ ਨੈਗੇਟਿਵ ਹੋਣ ਦੇ ਚਾਰ ਦਿਨ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹਲਕੇ ਬੁਖਾਰ ਦੀ ਸ਼ਿਕਾਇਤ ਹੋਈ। ਇਸ ਦੇ ਬਾਅਦ 18 ਅਗਸਤ ਨੂੰ ਦੇਰ ਰਾਤ ਉਹ ਦਿੱਲੀ ਸਥਿਤ ਏਮਜ਼ ਵਿਚ ਦਾਖਲ ਹੋਏ। ਏਮਜ਼ ਨਿਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਦੀ ਅਗਵਾਈ ਵਿਚ ਇਕ ਟੀਮ ਉਹਨਾਂ ਦੀ ਦੇਖਭਾਲ ਕਰ ਰਹੀ ਸੀ। ਅਮਿਤ ਸ਼ਾਹ ਹਸਪਤਾਲ ਤੋਂ ਹੀ ਮੰਤਰਾਲੇ ਦਾ ਕੰਮਕਾਜ ਵੀ ਕਰ ਰਹੇ ਸਨ। ਹੁਣ 12 ਦਿਨ ਤੱਕ ਚੱਲੇ ਇਲਾਜ ਦੇ ਬਾਅਦ ਉਹਨਾਂ ਨੂੰ ਏਮਜ਼ ਤੋਂ ਛੁੱਟੀ ਮਿਲ ਗਈ ਹੈ।


Vandana

Content Editor

Related News