ਜੈਸ਼ੰਕਰ ''ਨੇਪਾਲ-ਭਾਰਤ ਸੰਯੁਕਤ ਕਮਿਸ਼ਨ'' ਦੀ ਬੈਠਕ ਲਈ ਜਾਣਗੇ ਨੇਪਾਲ

Monday, Aug 19, 2019 - 01:04 PM (IST)

ਜੈਸ਼ੰਕਰ ''ਨੇਪਾਲ-ਭਾਰਤ ਸੰਯੁਕਤ ਕਮਿਸ਼ਨ'' ਦੀ ਬੈਠਕ ਲਈ ਜਾਣਗੇ ਨੇਪਾਲ

ਕਾਠਮੰਡੂ/ਨਵੀਂ ਦਿੱਲੀ (ਭਾਸ਼ਾ)— ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਦੋ-ਪੱਖੀ ਸੰੰਬੰਧਾਂ ਦੀ ਸਮੇਂ ਸਥਿਤੀ ਦੀ ਸਮੀਖਿਆ ਕਰਨ ਦੇ ਉਦੇਸ਼ ਨਾਲ 'ਨੇਪਾਲ-ਭਾਰਤ ਸੰਯੁਕਤ ਕਮਿਸ਼ਨ' ਦੀ 5ਵੀਂ ਬੈਠਕ ਵਿਚ ਹਿੱਸਾ ਲੈਣ ਲਈ ਇਸ ਹਫਤੇ ਨੇਪਾਲ ਪਹੁੰਚਣਗੇ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਦੱਸਿਆ ਕਿ ਬੈਠਕ 21-22 ਅਗਸਤ ਨੂੰ ਕਾਠਮੰਡੂ ਵਿਚ ਹੋਵੇਗੀ। ਜੈਸ਼ੰਕਰ ਨੇਪਾਲ ਦੇ ਆਪਣੇ ਹਮਰੁਤਬਾ ਪ੍ਰਦੀਪ ਕੁਮਾਰ ਗਯਾਵਾਲੀ ਨਾਲ ਇਸ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ। 

ਬਿਆਨ ਵਿਚ ਕਿਹਾ ਗਿਆ,''ਸੰਯੁਕਤ ਬੈਠਕ ਵਿਚ ਦੋ-ਪੱਖੀ ਸੰਬੰਧਾਂ ਦੀ ਸਮੁੱਚੀ ਸਥਿਤੀ ਜਿਵੇਂ ਕਨੈਕਟੀਵਿਟੀ ਅਤੇ ਆਰਥਿਕ ਹਿੱਸੇਦਾਰੀ, ਵਪਾਰ ਅਤੇ ਆਵਾਜਾਈ, ਬਿਜਲੀ ਅਤੇ ਜਲ ਸਰੋਤ ਖੇਤਰਾਂ, ਸੱਭਿਆਚਾਰ, ਸਿੱਖਿਆ ਅਤੇ ਆਪਸੀ ਹਿੱਤਾਂ ਸਮੇਤ ਹੋਰ ਮਾਮਲਿਆਂ ਦੀ ਸਮੀਖਿਆ ਕੀਤੀ ਜਾਵੇਗੀ।'' ਗੌਰਤਲਬ ਹੈ ਕਿ ਨੇਪਾਲ-ਭਾਰਤ ਸੰਯੁਕਤ ਕਮਿਸ਼ਨ ਦੀ ਸਥਾਪਨਾ 1987 ਵਿਚ ਹੋਈ ਸੀ। ਇਸ ਦੀਆਂ ਬੈਠਕਾਂ ਨੇਪਾਲ ਅਤੇ ਭਾਰਤ ਵਿਚ ਵਾਰੀ-ਵਾਰੀ ਕੀਤੀਆਂ ਜਾਂਦੀਆਂ ਹਨ। ਆਖਰੀ ਬੈਠਕ ਅਕਤੂਬਰ 2016 ਵਿਚ ਨਵੀਂ ਦਿੱਲੀ ਵਿਚ ਹੋਈ ਸੀ। 

ਇਸ ਯਾਤਰਾ ਦੌਰਾਨ ਜੈਸ਼ੰਕਰ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਅਤੇ ਪ੍ਰਧਾਨ ਮੰਤਰੀ ਕੇ.ਪੀ. ਓਲੀ ਨਾਲ ਵੀ ਮੁਲਾਕਾਤ ਕਰਨਗੇ। ਬਿਆਨ ਵਿਚ ਕਿਹਾ ਗਿਆ ਕਿ ਗਯਾਵਾਲੀ ਭਾਰਤ ਦੇ ਵਿਦੇਸ਼ ਮੰਤਰੀ ਦੇ ਸਨਮਾਨ ਵਿਚ ਰਾਤ ਦੇ ਭੋਜਨ ਦਾ ਆਯੋਜਨ ਕਰਨਗੇ। ਬਿਆਨ ਮੁਤਾਬਕ ਜੈਸ਼ੰਕਰ 21 ਅਗਸਤ ਨੂੰ ਕਾਠਮੰਡੂ ਪਹੁੰਚਣਗੇ ਅਤੇ 22 ਅਗਸਤ ਨੂੰ ਭਾਰਤ ਵਾਪਸ ਆਉਣਗੇ।


author

Vandana

Content Editor

Related News