ਪੇਪਰ ਲੀਕ ਮਾਮਲੇ ''ਚ CBI ਦਾ ਵੱਡਾ ਐਕਸ਼ਨ, ਮੁੱਖ ਸਾਜ਼ਿਸ਼ਕਰਤਾ ਨੂੰ ਕੀਤਾ ਗ੍ਰਿਫਤਾਰ

Thursday, Jul 04, 2024 - 12:08 AM (IST)

ਪੇਪਰ ਲੀਕ ਮਾਮਲੇ ''ਚ CBI ਦਾ ਵੱਡਾ ਐਕਸ਼ਨ, ਮੁੱਖ ਸਾਜ਼ਿਸ਼ਕਰਤਾ ਨੂੰ ਕੀਤਾ ਗ੍ਰਿਫਤਾਰ

ਨਵੀਂ ਦਿੱਲੀ, (ਏਜੰਸੀਆਂ)- ਨੀਟ-ਯੂ. ਜੀ. ਪੇਪਰ ਲੀਕ ਮਾਮਲੇ ’ਚ ਸੀ.ਬੀ.ਆਈ. ਨੇ ਵੱਡੀ ਕਾਰਵਾਈ ਕੀਤੀ ਹੈ। ਉਸ ਨੇ ਬੁੱਧਵਾਰ ਮੁੱਖ ਸਾਜ਼ਿਸ਼ਕਰਤਾ ਅਮਨ ਸਿੰਘ ਨੂੰ ਝਾਰਖੰਡ ਦੇ ਧਨਬਾਦ ਤੋਂ ਗ੍ਰਿਫ਼ਤਾਰ ਕੀਤਾ। ਨੀਟ-ਯੂ. ਜੀ. ਮਾਮਲੇ ਦੀ ਜਾਂਚ ਸਬੰਧੀ ਕੇਂਦਰੀ ਜਾਂਚ ਏਜੰਸੀ ਵੱਲੋਂ ਕੀਤੀ ਗਈ ਇਹ 7ਵੀਂ ਗ੍ਰਿਫ਼ਤਾਰੀ ਦੱਸੀ ਜਾ ਰਹੀ ਹੈ।

ਦੂਜੇ ਪਾਸੇ ਵਿਰੋਧੀ ਗੱਠਜੋੜ ‘ਇੰਡੀਆ’ ਦੀਆਂ ਸਹਿਯੋਗੀ ਪਾਰਟੀਆਂ ਦੇ ਯੂਥ ਵਿੰਗਾਂ ਦੀ ਨੁਮਾਇੰਦਗੀ ਕਰਨ ਵਾਲੇ ਪ੍ਰਮੁੱਖ ਵਿਦਿਆਰਥੀ ਸਮੂਹ ‘ਇੰਡੀਆ ਯੂਥ ਫਰੰਟ’ (ਆਈ. ਵਾਈ. ਐੱਫ.) ਨੇ ਬੁੱਧਵਾਰ ਕਿਹਾ ਕਿ ਉਹ ਨੀਟ ਦੇ ਪ੍ਰਸ਼ਨ ਪੱਤਰ ਦੇ ਲੀਕ ਦੀਆਂ ਕਥਿਤ ਘਟਨਾਵਾਂ ਵਿਰੁੱਧ 8 ਜੁਲਾਈ ਨੂੰ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰੇਗੀ।

ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਭਾਰਤ ਯੁਵਾ ਮੋਰਚਾ’ ਵਲੋਂ ਅਗਲੀ ਰਣਨੀਤੀ 8 ਜੁਲਾਈ ਨੂੰ ਤੈਅ ਕੀਤੀ ਜਾਵੇਗੀ।

ਨੀਟ ਮੁੱਦੇ ’ਤੇ ਵਿਰੋਧੀ ਧਿਰ ਫੈਲਾ ਰਹੀ ਹੈ ਝੂਠ : ਧਰਮਿੰਦਰ ਪ੍ਰਧਾਨ

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਾਇਆ ਕਿ ਉਹ ਨੀਟ ਮੁੱਦੇ ’ਤੇ ਝੂਠ ਬੋਲ ਕੇ ਵਿਦਿਆਰਥੀਆਂ ਨੂੰ ਗੁੰਮਰਾਹ ਕਰ ਰਹੀ ਹੈ।

ਪ੍ਰਧਾਨ ਨੇ ‘ਐਕਸ’ ’ਤੇ ਲਿਖਿਆ ਕਿ ਕਾਂਗਰਸ ਦਾ ਅਤੀਤ ਤੇ ਵਰਤਮਾਨ ਮੁੱਦਿਆਂ ’ਤੇ ਦੇਸ਼ ਨੂੰ ਧੋਖਾ ਦੇਣ ਦਾ ਇਤਿਹਾਸ ਰਿਹਾ ਹੈ। ਨੀਟ ਮਾਮਲੇ ’ਚ ਵੀ ਉਨ੍ਹਾਂ ਦੀ ਨੀਅਤ ਸਾਫ਼ ਹੋ ਗਈ ਹੈ। ਝੂਠ ਅਤੇ ਅਫਵਾਹਾਂ ਦੇ ਸਹਾਰੇ ਮੁੱਦਿਆਂ ਤੋਂ ਹਟ ਕੇ ਅਸਥਿਰਤਾ ਪੈਦਾ ਕਰਨ ਦੀ ‘ਇੰਡੀਅਾ’ ਗੱਠਜੋੜ ਦੀ ਮਨਸ਼ਾ ਰਾਸ਼ਟਰ ਵਿਰੋਧੀ ਅਤੇ ਵਿਦਿਆਰਥੀ ਵਿਰੋਧੀ ਹੈ।


author

Rakesh

Content Editor

Related News