ਤਣਾਅ ਘੱਟ ਕਰਨ ਦੀ ਜ਼ਰੂਰਤ, ਮੁਕਾਬਲੇ ਨੂੰ ਟਕਰਾਅ ’ਚ ਨਹੀਂ ਬਦਲਣਾ ਚਾਹੀਦਾ: ਜੈਸ਼ੰਕਰ

Tuesday, Jul 15, 2025 - 02:02 AM (IST)

ਤਣਾਅ ਘੱਟ ਕਰਨ ਦੀ ਜ਼ਰੂਰਤ, ਮੁਕਾਬਲੇ ਨੂੰ ਟਕਰਾਅ ’ਚ ਨਹੀਂ ਬਦਲਣਾ ਚਾਹੀਦਾ: ਜੈਸ਼ੰਕਰ

ਬੀਜਿੰਗ/ਨਵੀਂ ਦਿੱਲੀ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਅਤੇ ਚੀਨ ਨੂੰ ਤਣਾਅ ਘਟਾਉਣ ਅਤੇ ਸਰਹੱਦੀ ਮੁੱਦਿਆਂ ਨੂੰ ਹੱਲ ਕਰਨ ਲਈ ਦੁਵੱਲੇ ਸਬੰਧਾਂ ਨੂੰ ਆਮ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ ਅਤੇ ‘ਪਾਬੰਦੀ ਵਾਲੇ ਵਪਾਰਕ ਉਪਾਵਾਂ ਅਤੇ ਰੁਕਾਵਟਾਂ’ ਤੋਂ ਬਚਣ ਦੀ ਲੋੜ ਹੈ।

ਮੀਟਿੰਗ ਵਿਚ ਆਪਣੇ ਉਦਘਾਟਨੀ ਭਾਸ਼ਣ ਵਿਚ ਜੈਸ਼ੰਕਰ ਨੇ ਕਿਹਾ ਕਿ ਦੁਵੱਲੇ ਸਬੰਧ ਇਸ ਆਧਾਰ ’ਤੇ ‘ਹਾਂ-ਪੱਖੀ ਰੂਪ’ ਨਾਲ ਵਿਕਸਤ ਹੋ ਸਕਦੇ ਹਨ ਕਿ ਮੱਤਭੇਦ ਵਿਵਾਦਾਂ ਵਿਚ ਨਹੀਂ ਬਦਲਣੇ ਚਾਹੀਦੇ ਅਤੇ ਨਾ ਹੀ ਮੁਕਾਬਲਾ ਟਕਰਾਅ ਵਿਚ ਬਦਲਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਬੰਧ ਸਿਰਫ਼ ਆਪਸੀ ਸਤਿਕਾਰ, ਆਪਸੀ ਹਿੱਤ ਅਤੇ ਆਪਸੀ ਸੰਵੇਦਨਸ਼ੀਲਤਾ ਦੇ ਆਧਾਰ ’ਤੇ ਬਣਾਏ ਜਾ ਸਕਦੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਆਉਣ ਵਾਲੀ ਐੱਸ. ਸੀ. ਓ. ਮੀਟਿੰਗ ਵਿਚ ‘ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ’ ਨੂੰ ਬਰਕਰਾਰ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕੰਮ ਅੱਤਵਾਦ, ਵੱਖਵਾਦ ਅਤੇ ਕੱਟੜਵਾਦ ਦਾ ਮੁਕਾਬਲਾ ਕਰਨਾ ਹੈ। ਉਨ੍ਹਾਂ ਦੀਆਂ ਟਿੱਪਣੀਆਂ ਨੂੰ ਸਰਹੱਦ ਪਾਰ ਅੱਤਵਾਦ ਨੂੰ ਪਾਕਿਸਤਾਨ ਦੇ ਸਮਰਥਨ ਦੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ।

ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਗੱਲਬਾਤ ਨੂੰ ‘ਰਚਨਾਤਮਕ ਅਤੇ ਦੂਰਦਰਸ਼ੀ’ ਦੱਸਦਿਆਂ ਕਿਹਾ ਕਿ ਦੋਵੇਂ ਧਿਰਾਂ ਲੋਕਾਂ ਵਿਚ ਸੰਪਰਕ ਨੂੰ ਸੁਚਾਰੂ ਬਣਾਉਣ ਲਈ ਇਕ-ਦੂਜੇ ਦੇ ਦੇਸ਼ ਦੇ ਦੌਰੇ ਅਤੇ ਸਿੱਧੀ ਉਡਾਣ ਸੰਪਰਕ ਸਮੇਤ ‘ਵਾਧੂ ਵਿਵਹਾਰਕ ਕਦਮ’ ਚੁੱਕਣ ਲਈ ਸਹਿਮਤ ਹੋਏ ਹਨ।

ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ) ਦੇ ਇਕ ਸੰਮੇਲਨ ਵਿਚ ਸ਼ਾਮਲ ਹੋਣ ਲਈ ਜੈਸ਼ੰਕਰ ਦੋ ਦਿਨਾਂ ਦੌਰੇ ’ਤੇ ਚੀਨ ਪਹੁੰਚਣ ਤੋਂ ਕੁਝ ਘੰਟਿਆਂ ਬਾਅਦ ਹੀ ਵਾਂਗ ਨੂੰ ਮਿਲੇ। ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ’ਤੇ 2020 ਵਿਚ ਹੋਏ ਫੌਜੀ ਟਕਰਾਅ ਅਤੇ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਗੰਭੀਰ ਤਣਾਅ ਤੋਂ ਬਾਅਦ ਜੈਸ਼ੰਕਰ ਦਾ ਇਹ ਪਹਿਲਾ ਚੀਨ ਦੌਰਾ ਹੈ।
 


author

Inder Prajapati

Content Editor

Related News