ਨਵੇਂ ਸੰਸਦ ਭਵਨ ’ਤੇ ਐੱਨ. ਡੀ. ਏ. ਦੇ ਸੰਸਦ ਮੈਂਬਰ ਵੀ ਸਵਾਲ ਉਠਾ ਰਹੇ ਹਨ

Thursday, Aug 22, 2024 - 10:15 PM (IST)

ਨਵੇਂ ਸੰਸਦ ਭਵਨ ’ਤੇ ਐੱਨ. ਡੀ. ਏ. ਦੇ ਸੰਸਦ ਮੈਂਬਰ ਵੀ ਸਵਾਲ ਉਠਾ ਰਹੇ ਹਨ

ਨਵੀਂ ਦਿੱਲੀ- ਸਰਕਾਰ ਭਾਵੇਂ ਨਵੇਂ ਸੰਸਦ ਭਵਨ ਨੂੰ ਲੈ ਕੇ ਉਤਸ਼ਾਹਿਤ ਹੋਵੇ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੀਆਂ ਅਸਹਿਮਤੀ ਵਾਲੀਆਂ ਆਵਾਜ਼ਾਂ ਦੇ ਬਾਵਜੂਦ ਇਸ ਨੂੰ ਆਰਕੀਟੈਕਚਰਲ ਮਾਸਟਰਪੀਸ ਵਜੋਂ ਪੇਸ਼ ਕਰ ਰਹੀ ਹੋਵੇ ਪਰ ਬਿਜਨੈੱਸ ਐਡਵਾਈਜ਼ਰੀ ਕਮੇਟੀ (ਬੀ. ਏ. ਸੀ.) ਦਾ ਹਿੱਸਾ ਰਹੇ ਸੱਤਾਧਾਰੀ ਗੱਠਜੋੜ ਦੇ ਕੁਝ ਸੰਸਦ ਮੈਂਬਰਾਂ ਨੇ ਟਾਇਲਟਾਂ ਦੀ ਕਮੀ ਵੱਲ ਇਸ਼ਾਰਾ ਕੀਤਾ ਹੈ ਅਤੇ ਕਿਹਾ ਹੈ ਕਿ ਕਈ ਵਾਰ ਉਨ੍ਹਾਂ ਨੂੰ ਲਾਈਨਾਂ ਵਿਚ ਖੜ੍ਹਨਾ ਪੈਂਦਾ ਹੈ।

ਇਹ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਬ੍ਰੇਕ ਦੌਰਾਨ ਖਾਣਾ ਖਾਣ ਜਾਂ ਨਾਸ਼ਤੇ ਲਈ ਲੋੜੀਂਦੇ ਪ੍ਰਬੰਧ ਨਹੀਂ ਹਨ। ਉਨ੍ਹਾਂ ਨੂੰ ਹੈਰਾਨੀ ਹੈ ਕਿ ਜਦੋਂ ਲੋਕ ਸਭਾ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 150-200 ਸੰਸਦ ਮੈਂਬਰਾਂ ਤੱਕ ਵਧ ਜਾਏਗੀ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਬੁਨੀਆਦੀ ਸਹੂਲਤਾਂ ਨਹੀਂ ਮਿਲਣਗੀਆਂ ਤਾਂ ਕੀ ਹੋਵੇਗਾ। ਜਿੱਥੇ ਪੱਤਰਕਾਰ ਪਹਿਲਾਂ ਹੀ ਸੰਸਦ ਦੇ ਸੈਂਟਰਲ ਹਾਲ ਅਤੇ ਹੋਰ ਖੇਤਰਾਂ ਵਿਚ ਆਪਣੇ ਦਾਖਲੇ ’ਤੇ ਪਾਬੰਦੀਆਂ ਦੀ ਸ਼ਿਕਾਇਤ ਕਰ ਰਹੇ ਹਨ, ਉਥੇ ਹੁਣ ਸੰਸਦ ਮੈਂਬਰ ਵੀ ਇਸ ਵਿਚ ਸ਼ਾਮਲ ਹੋ ਰਹੇ ਹਨ। ਸੁਰੱਖਿਆ ਅਤੇ ਹੋਰ ਕਾਰਨਾਂ ਕਰ ਕੇ ਸਾਬਕਾ ਸੰਸਦ ਮੈਂਬਰਾਂ ਅਤੇ ਹੋਰ ਸਾਬਕਾ ਪਤਵੰਤਿਆਂ ਦੇ ਦਾਖਲੇ ’ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਸਦ ਮੈਂਬਰਾਂ ਦੀ ਕੰਟੀਨ ਖਾਣ-ਪੀਣ ਅਤੇ ਬੈਠਣ ਦੇ ਯੋਗ ਨਹੀਂ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਦਾ ਰਾਹ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।


author

Rakesh

Content Editor

Related News