ਨੈਸ਼ਨਲ ਕਾਨਫਰੰਸ ਨੇਤਾ ਸਕੀਨਾ ਇਟੂ ਨੇ ਦਮਹਾਲ ਹੰਜੀਪੋਰਾ ਸਟੀ ਤੋਂ ਭਰਿਆ ਨਾਮਜ਼ਦਗੀ ਪੱਤਰ

Friday, Aug 23, 2024 - 02:40 PM (IST)

ਨੈਸ਼ਨਲ ਕਾਨਫਰੰਸ ਨੇਤਾ ਸਕੀਨਾ ਇਟੂ ਨੇ ਦਮਹਾਲ ਹੰਜੀਪੋਰਾ ਸਟੀ ਤੋਂ ਭਰਿਆ ਨਾਮਜ਼ਦਗੀ ਪੱਤਰ

ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੈਕਾਂ) ਦੀ ਨੇਤਾ ਅਤੇ ਸਾਬਕਾ ਮੰਤਰੀ ਸਕੀਨਾ ਇਟੂ ਨੇ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੀ ਦਮਹਾਲ ਹੰਜੀਪੋਰਾ ਵਿਧਾਨ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਟੂ ਨੇ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਕੁਲਗਾਮ ਦੇ ਸਾਹਮਣੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਨ੍ਹਾਂ ਨਾਲ ਨੈਕਾਂ ਉੱਪ ਪ੍ਰਧਾਨ ਉਮਰ ਅਬਦੁੱਲਾ ਅਤੇ ਪਾਰਟੀ ਦੇ ਹੋਰ ਨੇਤਾ ਵੀ ਸਨ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਾਰਟੀ ਦੇ ਸਾਰੇ ਉਮੀਦਵਾਰ ਜਿੱਤ ਹਾਸਲ ਕਰਨਗੇ। ਉਨ੍ਹਾਂ ਕਿਹਾ,''ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਦੀ ਸਹਿਮਤੀ ਨਾਲ, ਸਾਡੀ ਸੀਨੀਅਰ ਨੇਤਾ ਅਤੇ ਸਹਿਯੋਗੀ ਸਕੀਨਾ ਇਟੂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਸਾਨੂੰ ਉਮੀਦ ਹੈ ਕਿ ਇਟੂ ਦੇ ਨਾਲ-ਨਾਲ ਸਾਡੇ ਚੋਣ ਚਿੰਨ੍ਹ 'ਤੇ ਚੋਣ ਲੜਨ ਵਾਲਾ ਹਰ ਉਮੀਦਵਾਰ ਜਿੱਤ ਦਰਜ ਕਰੇਗਾ।''

ਅਬਦੁੱਲਾ ਨੇ ਕਿਹਾ ਕਿ ਪਾਰਟੀ ਨੇ ਲੋਕਾਂ ਦੇ ਸਾਹਮਣੇ ਆਪਣਾ ਮੈਨੀਫੈਸਟੋ ਰੱਖਿਆ ਹੈ ਅਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਾਇਦ ਕੋਈ ਹੋਰ ਪਾਰਟੀ ਅਗਲੇ 5 ਸਾਲਾਂ ਲਈ ਇਸ ਤੋਂ ਬਿਹਤਰ ਮੈਨੀਫੈਸਟੋ ਜਾਂ ਪ੍ਰੋਗਰਾਮ ਜਾਂ ਏਜੰਡਾ ਨਹੀਂ ਲਿਆ ਸਕਕਦੀ ਹੈ। ਉਨ੍ਹਾਂ ਕਿਹਾ,''ਸਾਨੂੰ ਉਮੀਦ ਹੈ ਕਿ ਜਦੋਂ ਜੰਮੂ ਕਸ਼ਮੀਰ ਦੇ ਲੋਕ ਅਗਲੇ 5 ਸਾਲਾਂ ਲਈ ਆਪਣੀ ਸਰਕਾਰ ਚੁਣਨ ਨੂੰ ਲੈ ਕੇ ਫ਼ੈਸਲਾ ਕਰਨਗੇ ਤਾਂ ਉਹ ਨੈਕਾਂ ਨੂੰ ਇੱਥੇ ਦੀ ਜਨਤਾ ਦੀ ਸੇਵਾ ਦਾ ਮੌਕਾ ਜ਼ਰੂਰ ਦੇਣਗੇ।'' ਉਮਰ ਅਬਦੁੱਲਾ ਨੇ ਉਮੀਦ ਜਤਾਈ ਕਿ ਇਟੂ ਭਾਰੀ ਵੋਟਾਂ ਦੇ ਅੰਤਰ ਨਾਲ ਜਿੱਤੇਗੀ। ਉਨ੍ਹਾਂ ਕਿਹਾ,''ਸਾਨੂੰ ਇਸ ਸੀਟ ਤੋਂ ਵੱਡੀ ਜਿੱਤ ਦੀ ਉਮੀਦ ਹੈ। ਚੰਗੀ ਸ਼ੁਰੂਆਤ ਦਾ ਮਤਲਬ ਹੈ ਅੱਧੀ ਜਿੱਤ। ਮੈਨੂੰਲੱਗਦਾ ਹੈ ਕਿ ਅੱਜ ਦੀ ਸ਼ੁਰੂਆਤ ਚੰਗੀ ਰਹੀ ਹੈ ਅਤੇ ਭਗਵਾਨ ਦੀ ਦੁਆ ਨਾਲ ਇਸ ਦਾ ਅਸਰ ਹੋਰ ਸੀਟ 'ਤੇ ਵੀ ਦਿੱਸੇਗਾ।'' ਪਹਿਲੇ ਪੜਾਅ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 27 ਅਗਸਤ ਹੈ। ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਤਿੰਨ ਪੜਾਵਾਂ- 18 ਸਤੰਬਰ, 25 ਸਤੰਬਰ ਅਤੇ ਇਕ ਅਕਤੂਬਰ ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News