ਨਾਰਕੋ-ਅੱਤਵਾਦ ਗੱਠਜੋੜ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫਤਾਰ
Sunday, Jul 07, 2024 - 11:38 PM (IST)
ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਅਤੇ ਅੱਤਵਾਦੀਆਂ ਵਿਾਚਲੇ ਗੱਠਜੋੜ ਮਾਮਲੇ ’ਚ ਐਤਵਾਰ ਨੂੰ ਇਕ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਐੱਨ. ਆਈ. ਏ. ਨੇ ਇਕ ਬਿਆਨ ’ਚ ਦੱਸਿਆ ਕਿ ਇਹ ਮੁਲਜ਼ਮ ਜੂਨ, 2020 ਤੋਂ ਫਰਾਰ ਸੀ।
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਹਿਜਬੁਲ ਮੁਜਾਹਿਦੀਨ ਨਾਲ ਜੁੜਿਆ ਹੈ। ਬਿਆਨ ਅਨੁਸਾਰ ਕੁਪਵਾੜਾ ਜ਼ਿਲੇ ਦੇ ਨਿਵਾਸੀ ਸਈਦ ਸਲੀਮ ਜਹਾਂਗੀਰ ਅੰਦਰਾਬੀ ਉਰਫ ਸਲੀਮ ਅੰਦਰਾਬੀ ਦੀ ਗ੍ਰਿਫਤਾਰੀ ’ਤੇ ਇਨਾਮ ਰੱਖਿਆ ਗਿਆ ਸੀ।
ਬਿਆਨ ’ਚ ਕਿਹਾ ਗਿਆ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਅੰਦਰਾਬੀ ਦੇ ਖਿਲਾਫ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ. ਡੀ. ਪੀ. ਐੱਸ.) ਐਕਟ, ਆਈ.ਪੀ. ਸੀ. ਅਤੇ ਗੈਰ-ਕਾਨੂਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼-ਪੱਤਰ ਦਾਖਲ ਕੀਤਾ ਗਿਆ।
ਬਿਆਨ ’ਚ ਕਿਹਾ ਗਿਆ ਹੈ ਕਿ ਉਸ ਦੀ ਗ੍ਰਿਫਤਾਰੀ ਨਾਰਕੋ-ਅੱਤਵਾਦੀ ਗੱਠਜੋੜ ਨੂੰ ਖਤਮ ਕਰਨ ਅਤੇ ਸਰਹੱਦ ਪਾਰ ਸਥਿਤ ਅੱਤਵਾਦੀ ਸੰਗਠਨਾਂ ਵੱਲੋਂ ਭਾਰਤ ’ਚ ਬਣਾਏ ਗਏ ਈਕੋ ਸਿਸਟਮ ਨੂੰ ਤਬਾਹ ਕਰਨ ਦੇ ਐੱਨ. ਆਈ. ਏ. ਦੇ ਯਤਨਾਂ ਲਈ ਇਕ ਵੱਡੀ ਸਫਲਤਾ ਹੈ।