ਸ੍ਰੀ ਨਨਕਾਣਾ ਸਾਹਿਬ ਮਾਮਲੇ 'ਤੇ ਬੋਲੀ ਭਾਜਪਾ, ਕਿਹਾ- ਪਾਕਿ ਦਾ ਚਿਹਰਾ ਹੋਇਆ ਬੇਨਕਾਬ

01/04/2020 5:00:29 PM

ਨਵੀਂ ਦਿੱਲੀ— ਪਾਕਿਸਤਾਨ 'ਚ ਸ੍ਰੀ ਨਨਕਾਣਾ ਸਾਹਿਬ 'ਤੇ ਹਮਲੇ ਅਤੇ ਸਿੱਖਾਂ 'ਤੇ ਹੋਏ ਪਥਰਾਅ ਦੀ ਘਟਨਾ ਨੂੰ ਲੈ ਕੇ ਭਾਜਪਾ ਨੇ ਸ਼ਨੀਵਾਰ ਨੂੰ ਇਸ ਦੀ ਸਖਤ ਨਿੰਦਾ ਕੀਤੀ। ਭਾਜਪਾ ਨੇ ਇਸ ਘਟਨਾ ਨੂੰ ਲੈ ਕੇ ਪਾਕਿਸਤਾਨ ਦੀ ਇਮਰਾਨ ਸਰਕਾਰ ਨੂੰ ਘੇਰਿਆ ਹੈ। ਦਿੱਲੀ 'ਚ ਪ੍ਰੈੱਸ ਕਾਨਫੰਰਸ ਕਰਦਿਆਂ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਘਟਨਾ ਤੋਂ ਪਾਕਿਸਤਾਨ ਦਾ ਚਿਹਰਾ ਬੇਨਕਾਬ ਹੋਇਆ ਹੈ।  ਉਨ੍ਹਾਂ ਕਿਹਾ ਕਿ ਇਮਰਾਨ ਸਰਕਾਰ ਪਾਕਿਸਤਾਨ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ ਕਰੇ। ਅਸੀਂ ਇਮਰਾਨ ਸਰਕਾਰ ਤੋਂ ਦੋਸ਼ੀਆਂ ਵਿਰੁੱਧ ਸਜ਼ਾ ਦੀ ਮੰਗ ਕਰਦੇ ਹਾਂ। ਪਾਕਿਸਤਾਨ 'ਚ ਸਿੱਖ ਕੁੜੀ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਹਮਲੇ ਤੋਂ ਸਾਬਤ ਹੋਇਆ ਕਿ ਨਾਗਰਿਕਤਾ ਸੋਧ ਐਕਟ ਦੀ ਲੋੜ ਕਿਉਂ ਹੈ?

ਤਰੁਣ ਚੁੱਘ ਨੇ ਕਿਹਾ ਕਿ ਅੱਜ ਇਮਰਾਨ ਖਾਨ ਅਜਿਹੀਆਂ ਘਟਨਾਵਾਂ ਜੋ ਪਵਿੱਤਰ ਨਨਕਾਣਾ ਸਾਹਿਬ 'ਚ ਹੋ ਰਹੀਆਂ ਹਨ, ਉਸ 'ਤੇ ਜਵਾਬ ਦੇਣ। ਇਹ ਘਟਨਾ ਉਸ ਦਾ ਟ੍ਰੇਲਰ ਹੈ, ਜੋ ਫਿਲਮ ਪਿਛਲੇ 70 ਸਾਲਾਂ ਤੋਂ ਪਾਕਿਸਤਾਨ 'ਚ ਚੱਲੀ ਹੈ। ਇਕ ਬੇਟੀ 'ਤੇ ਜਦੋਂ ਪਾਕਿਸਤਾਨ ਵਿਚ ਅੱਤਿਆਚਾਰ ਹੁੰਦਾ ਹੈ ਤਾਂ ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ ਚੁੱਪ ਕਿਉਂ ਹਨ? ਇਸ ਤੋਂ ਇਲਾਵਾ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਵੀ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਉਹ ਇਸ ਘਟਨਾ 'ਤੇ ਚੁੱਪ ਕਿਉਂ ਹਨ? 

ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਤੋਂ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹੋਇਆ ਹਮਲਾ ਕਾਇਰਤਾਪੂਰਨ ਅਤੇ ਨਿੰਦਣਯੋਗ ਹੈ। ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ ਦੀ ਗਿਣਤੀ ਘੱਟਦੀ ਜਾ ਰਹੀ ਹੈ। ਅਸੀਂ ਪਾਕਿਸਤਾਨ ਸਰਕਾਰ ਤੋਂ ਸ੍ਰੀ ਨਨਕਾਣਾ ਸਾਹਿਬ 'ਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਜਾਨੀ-ਮਾਲੀ ਰੱਖਿਆ ਲਈ ਤੁਰੰਤ ਉਪਾਅ ਕਰਨ ਦੀ ਮੰਗ ਕਰਦੇ ਹਾਂ। ਉਨ੍ਹਾਂ ਨੇ ਵੀ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਉਹ ਕਿੱਥੇ ਗਾਇਬ ਹੋ ਗਏ ਹਨ।


Tanu

Content Editor

Related News