2 ਕਰੋੜ ਔਰਤਾਂ ਨੂੰ ਲੱਖਪਤੀ ਬਣਾਉਣਾ ਮੇਰਾ ਸੁਪਨਾ : ਮੋਦੀ

Thursday, Dec 28, 2023 - 02:56 PM (IST)

2 ਕਰੋੜ ਔਰਤਾਂ ਨੂੰ ਲੱਖਪਤੀ ਬਣਾਉਣਾ ਮੇਰਾ ਸੁਪਨਾ : ਮੋਦੀ

ਭੋਪਾਲ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਦੇਸ਼ ਵਿੱਚ ਸਵੈ-ਸਹਾਇਤਾ ਗਰੁੱਪਾਂ ਨਾਲ ਜੁੜੀਆਂ 2 ਕਰੋੜ ਔਰਤਾਂ ਨੂੰ ਲੱਖਪਤੀ ਬਣਾਉਣਾ ਚਾਹੁੰਦੇ ਹਨ।

ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲੇ ਵਿੱਚ ਚੱਲ ਰਹੀ ‘ਵਿਕਾਸ ਭਾਰਤ ਸੰਕਲਪ ਯਾਤਰਾ’ ਦੇ ਹਿੱਸੇ ਵਜੋਂ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਦੇ ਲਾਭਪਾਤਰੀਆਂ ਨਾਲ ਵਰਚੁਅਲ ਗੱਲਬਾਤ ਦੌਰਾਨ ਮੋਦੀ ਨੇ ਆਪਣੇ ਯਤਨਾਂ ਅਧੀਨ ਇੱਕ ਔਰਤ ਕੋਲੋਂ ਮਦਦ ਮੰਗੀ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਵਿੱਚ ਸਵੈ-ਸਹਾਇਤਾ ਗਰੁੱਪਾਂ ਨਾਲ ਜੁੜੀਆਂ 2 ਕਰੋੜ ਔਰਤਾਂ ਨੂੰ ਲੱਖਪਤੀ ਬਣਾਉਣਾ ਚਾਹੁੰਦਾ ਹਾਂ।

ਮੋਦੀ ਨੇ ਰੁਬੀਨਾ ਖਾਨ ਨਾਂ ਦੀ ਇੱਕ ਔਰਤ ਨਾਲ ਗੱਲਬਾਤ ਕੀਤੀ ਅਤੇ ਉਸ ਕੋਲੋਂ ਪੁੱਛਿਆ ਕਿ ਕੀ ਉਹ ਇਸ ਸਬੰਧੀ ਯਤਨਾਂ ਵਿਚ ਮੇਰੀ ਮਦਦ ਕਰੇਗੀ? ਜਦੋਂ ਉਸ ਕੋਲੋਂ ਖਾਸ ਤੌਰ ’ਤੇ ਪੁੱਛਿਆ ਗਿਆ ਕਿ ਉਹ ਆਪਣੇ ਗਰੁੱਪ ’ਚ ਕਿੰਨੀਆਂ ਔਰਤਾਂ ਨੂੰ ਲੱਖਪਤੀ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਦੇਸ਼ ਦੀ ਹਰ ਔਰਤ ਨੂੰ ਲੱਖਪਤੀ ਬਣਾਉਣਾ ਚਾਹੁੰਦੀ ਹਾਂ।

ਇਸ ’ਤੇ ਪ੍ਰਧਾਨ ਮੰਤਰੀ ਨੇ ਵਿਅੰਗ ਕੀਤਾ ਕਿ ਰੁਬੀਨਾ ਦੀ ਪ੍ਰਤੀਕਿਰਿਆ ਤਾਂ ਇੱਕ ਸਿਆਸੀ ਜਵਾਬ ਹੈ। ਇਸ ’ਤੇ ਗਰੁੱਪ ’ਚ ਮੌਜੂਦ ਸੱਭ ਲੋਕ ਹੱਸ ਪਏ। ਇਸ ਪਿੱਛੋਂ ਮੋਦੀ ਨੇ ਮੌਕੇ ’ਤੇ ਮੌਜੂਦ ਔਰਤਾਂ ਨੂੰ ਕਿਹਾ ਕਿ ਜੇ ਉਹ ਲੱਖਪਤੀ ਬਣਨਾ ਚਾਹੁੰਦੀਆਂ ਹਨ ਤਾਂ ਹੱਥ ਖੜੇ ਕਰਨ। ਇਸ ’ਤੇ ਸਾਰਿਆਂ ਨੇ ਹੱਥ ਖੜੇ ਕਰ ਕੇ ਹਾਂ-ਪੱਖੀ ਹੁੰਗਾਰਾ ਦਿੱਤਾ।

ਪ੍ਰਧਾਨ ਮੰਤਰੀ ਨੇ ਰੁਬੀਨਾ ਨੂੰ ਕਿਹਾ-ਤੁਹਾਡੇ ਕੋਲ ਕਾਰ ਹੈ, ਮੇਰੇ ਕੋਲ ਤਾਂ ਸਾਈਕਲ ਵੀ ਨਹੀਂ

ਰੁਬੀਨਾ ਨੇ ਦੱਸਿਆ ਕਿ ਜਦੋਂ ਮੇਰਾ ਤੇ ਮੇਰੇ ਪਤੀ ਦਾ ਕੰਮ ਵਧਿਆ ਤਾਂ ਮੇਰੇ ਪਤੀ ਨੇ ਸੈਕਿੰਡ ਹੈਂਡ ਮਾਰੂਤੀ ਵੈਨ ਖਰੀਦਣ ਦਾ ਫੈਸਲਾ ਕੀਤਾ। ਇਸ ਨੇ ਇਕ ਵਾਰ ਫਿਰ ਮੋਦੀ ਨੂੰ ਹੈਰਾਨ ਕਰ ਦਿੱਤਾ ਅਤੇ ਉਨ੍ਹਾਂ ਉਸ ਮੋਟਰ-ਗੱਡੀ ਦਾ ਨਾਂ ਦੁਹਰਾਉਣ ਲਈ ਕਿਹਾ ਜੋ ਰੁਬੀਨਾ ਦੇ ਪਤੀ ਨੇ ਖਰੀਦੀ ਸੀ। ਮੋਦੀ ਨੇ ਕਿਹਾ ਕਿ ਤੁਹਾਡੇ ਕੋਲ ਤਾਂ ਮਾਰੂਤੀ ਵੈਨ ਹੈ ਪਰ ਮੇਰੇ ਕੋਲ ਤਾਂ ਸਾਈਕਲ ਵੀ ਨਹੀਂ । ਇਸ ’ਤੇ ਗਰੁੱਪ ਦੀਆਂ ਸੱਭ ਔਰਤਾਂ ਫਿਰ ਹੱਸਣ ਲੱਗ ਪਈਆਂ।


author

Rakesh

Content Editor

Related News