ਬਿਲਾਵਲ ਭੁੱਟੋ ਦੇ PM ਮੋਦੀ ''ਤੇ ਦਿੱਤੇ ਗਏ ਬਿਆਨ ਦੀ ਮੁਸਲਿਮ ਭਾਈਚਾਰੇ ਨੇ ਕੀਤੀ ਨਿੰਦਾ

12/17/2022 10:47:54 AM

ਨਵੀਂ ਦਿੱਲੀ- ਭਾਰਤ ਦੇ ਕਈ ਮੁਸਲਿਮ ਬੁੱਧੀਜੀਵੀਆਂ, ਨਾਗਰਿਕ ਸਮਾਜ ਦੇ ਮੈਂਬਰਾਂ ਅਤੇ ਵਿਦਵਾਨਾਂ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੇ ਇਸਤੇਮਾਲ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਭੁੱਟੋ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਸੱਭਿਅਤਾ ਅਤੇ ਸੰਸਕ੍ਰਿਤੀ ਦੀਆਂ ਹੱਦਾਂ ਪਾਰ ਨਹੀਂ ਕਰਨੀਆਂ ਚਾਹੀਦੀਆਂ। ਕਿਸੇ ਦੇਸ਼ ਦੇ ਲੋਕਤੰਤਰੀ ਪ੍ਰਧਾਨ ਮੰਤਰੀ ਬਾਰੇ ਨਕਾਰਾਤਮਕ ਸ਼ਬਦਾਂ ਦਾ ਪ੍ਰਯੋਗ ਕਰਨਾ ਰਾਜਨੀਤਕ ਅਤੇ ਕੂਟਨੀਤਕ ਸ਼ਿਸ਼ਟਾਚਾਰ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਪਾਕਿਸਤਾਨ 'ਤੇ ਇੰਨਾ ਡੂੰਘਾ ਪ੍ਰਭਾਵ ਪਿਆ ਹੈ ਕਿ ਸੱਤਾਧਾਰੀ ਅੱਤਵਾਦੀ ਲਹਿਜੇ 'ਚ ਬੋਲਣ ਲੱਗੇ ਹਨ। ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਇਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਨਾ ਬਹੁਤ ਹੀ ਸ਼ਰਮਨਾਕ ਅਤੇ ਨਿੰਦਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਹਰ ਧਰਮ ਅਤੇ ਵਰਗ ਨੂੰ ਨਾਲ ਲੈ ਕੇ ਤੁਰਦੇ ਹਨ। ਸਭ ਦਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਅਰਾ ਇਸ ਦਾ ਸਬੂਤ ਹੈ। ਪਾਕਿਸਤਾਨ ਨੂੰ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਬਿਲਾਵਲ ਭੁੱਟੋ ਨੇ ਕਿਹਾ ਸੀ ਕਿ ਓਸਾਮਾ ਬਿਨ ਲਾਦੇਨ ਮਰ ਗਿਆ ਹੈ ਪਰ ਗੁਜਰਾਤ ਦਾ ਕਸਾਈ ਅਜੇ ਵੀ ਜ਼ਿੰਦਾ ਹੈ, ਉਹ ਭਾਰਤ ਦਾ ਪ੍ਰਧਾਨ ਮੰਤਰੀ ਹੈ।

ਪਾਕਿਸਤਾਨ ਦੇ ਨੇਤਾ ਬਿਲਾਵਲ ਭੁੱਟੋ ਵੱਲੋਂ ਨਿਊਯਾਰਕ 'ਚ ਕੀਤੀ ਗਈ ਟਿੱਪਣੀ ਦੀ ਸਖ਼ਤ ਨਿੰਦਾ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਬਿਹਤਰ ਹੁੰਦਾ ਜੇਕਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਆਪਣੇ ਦੇਸ਼ 'ਚ ਅੱਤਵਾਦੀ ਸੰਗਠਨਾਂ ਦੇ ਮੁੱਖ ਸਾਜ਼ਿਸ਼ਕਾਰਾਂ 'ਤੇ ਆਪਣੀ 'ਨਿਰਾਸ਼ਾ' ਕੱਢਦੇ, ਜੋ ਅੱਤਵਾਦ ਨੂੰ ਅੰਜਾਮ ਦਿੰਦੇ ਹਨ। ਬਾਗਚੀ ਨੇ ਕਿਹਾ,“ਪਾਕਿਸਤਾਨ ਇਕ ਅਜਿਹਾ ਦੇਸ਼ ਹੈ ਜੋ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਵਜੋਂ ਵਡਿਆਉਂਦਾ ਹੈ ਅਤੇ (ਜ਼ਕੀਉਰ ਰਹਿਮਾਨ) ਲਖਵੀ, ਹਾਫਿਜ਼ ਸਈਦ, ਮਸੂਦ ਅਜ਼ਹਰ, ਸਾਜਿਦ ਮੀਰ ਅਤੇ ਦਾਊਦ ਇਬਰਾਹਿਮ ਵਰਗੇ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ।


DIsha

Content Editor

Related News