ਮੁੰਬਈ : ਤਾਜ ਹੋਟਲ ਦੇ 6 ਕਰਮਚਾਰੀ ਕੋਰੋਨਾ ਪਾਜ਼ੀਟਿਵ, ਸੰਪਰਕ ''ਚ ਆਏ ਸਾਰੇ ਲੋਕ ਕੁਆਰੰਟੀਨ
Monday, Apr 13, 2020 - 02:29 PM (IST)
 
            
            ਨੈਸ਼ਨਲ ਡੈਸਕ- ਮੁੰਬਈ ਦੇ ਤਾਜ ਹੋਟਲ ਦੇ ਘੱਟੋ-ਘੱਟ 6 ਕਰਮਚਾਰੀ ਕੋਵਿਡ-19 ਨਾਲ ਇਨਫੈਕਟਡ ਪਾਏ ਗਏ ਹਨ। ਜਿਨਾਂ ਲੋਕਾਂ ਨੂੰ ਪਾਜ਼ੀਟਿਵ ਪਾਇਆ ਗਿਆ ਹੈ, ਉਨਾਂ 'ਚ ਜ਼ਿਆਦਾਤਰ ਲੋਕਾਂ 'ਚ ਬੀਮਾਰੀ ਦੇ ਕੋਈ ਲੱਛਣ ਨਹੀਂ ਸਨ। ਹਾਲਾਂਕਿ ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇੰਡੀਅਨ ਹੋਟਲਜ਼ ਕੰਪਨੀ (ਆਈ.ਐੱਚ.ਸੀ.) ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਹੋਟਲ ਦੇ ਕੁਝ ਕਰਮਚਾਰੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ। ਕੰਪਨੀ ਨੇ ਸ਼ਹਿਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਵਿਰੁੱਧ ਮੈਦਾਨ 'ਚ ਡਟੇ ਸਿਹਤ ਕਰਮਚਾਰੀਆਂ ਅਤੇ ਡਾਕਟਰਾਂ ਨੂੰ ਆਪਣੇ ਹੋਟਲ 'ਚ ਰੱਖਿਆ ਹੈ। ਉਸ ਨੇ ਆਪਣੇ ਕਰੀਬ 500 ਕਰਮਚਾਰੀਆਂ ਦੀ ਜਾਂਚ ਕਰਵਾਈ ਸੀ। ਕੰਪਨੀ ਨੇ ਇਨਫੈਕਟਡ ਵਿਅਕਤੀਆਂ ਦੀ ਗਿਣਤੀ ਨਹੀਂ ਦੱਸੀ ਸੀ ਪਰ ਇਕ ਬਿਆਨ 'ਚ ਕਿਹਾ ਸੀ ਕਿ ਉਨਾਂ 'ਚੋਂ ਜ਼ਿਆਦਾਤਰ 'ਚ ਇਸ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਸਨ।
ਨਿੱਜੀ ਹਸਪਤਾਲ ਦੇ ਇਕ ਡਾਕਟਰ ਨੇ ਕਿਹਾ ਸੀ ਕਿ ਦੱਖਣੀ ਮੁੰਬਈ 'ਚ ਤਾਜ ਹੋਟਲ ਦੇ ਘੱਟੋ-ਘੱਟ 6 ਕਰਮਚਾਰੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ। ਉਨਾਂ ਦੀ ਸਿਹਤ ਠੀਕ ਹੈ, ਹਾਲਤ ਸਥਿਰ ਹੈ ਅਤੇ ਹਸਪਤਾਲ ਤੋਂ ਜਲਦ ਛੁੱਟੀ ਮਿਲ ਜਾਵੇਗੀ। ਗੇਟਵੇਅ ਆਫ ਇੰਡੀਆ ਦੇ ਸਾਹਮਣੇ ਸਥਿਤ ਤਾਜ ਮਹਿਲ ਪੈਲੇਸ ਅਤੇ ਟਾਵਰ, ਜੋ ਲਾਕਡਾਊਨ ਦੇ ਮੱਦੇਨਜ਼ਰ ਮੌਜੂਦਾ ਸਮੇਂ ਆਪਣੇ ਸੇਵਾ ਨਹੀਂ ਦੇ ਰਿਹਾ ਹੈ ਪਰ ਹੋਟਲ ਦੇ ਕੁਝ ਕਰਮਚਾਰੀ ਹਾਲੇ ਵੀ ਉੱਥੇ ਰੁਕੇ ਹੋਏ ਹਨ, ਕਿਉਂਕਿ ਹੋਟਲ ਹਾਲੇ ਇਸ ਸੰਕਟ ਦੀ ਘੜੀ 'ਚ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਸ਼ਰਨ ਦੇ ਰਿਹਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            