ਕੋਰੋਨਾ ਦੇ ਵੱਧਦੇ ਮਾਮਲਿਆਂ ''ਤੇ ਸਖ਼ਤ ਹੋਈ ਮੁੰਬਈ ਪੁਲਸ, ਪੂਰੇ ਸ਼ਹਿਰ ''ਚ ਧਾਰਾ 144 ਲਾਗੂ

9/17/2020 8:49:37 PM

ਮੁੰਬਈ - ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਮੁੰਬਈ ਪੁਲਸ ਨੇ ਨਵੀਆਂ ਪਾਬੰਦੀਆਂ ਲਗਾਈਆਂ ਹਨ। ਲੋਕਾਂ ਦੀ ਆਵਾਜਾਈ ਅਤੇ ਇਕੱਠਾ ਹੋਣ 'ਤੇ ਰੋਕ ਲਗਾਉਣ ਲਈ ਪੁਲਸ ਨੇ ਸ਼ਹਿਰ 'ਚ ਸੀ.ਆਰ.ਪੀ.ਸੀ. ਦੀ ਧਾਰਾ 144 ਲਾਗੂ ਕਰ ਦਿੱਤੀ ਹੈ। ਇਹ ਪਾਬੰਦੀ ਤੱਤਕਾਲ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ ਅਤੇ ਅਗਲੀ 30 ਸਤੰਬਰ ਤੱਕ ਲਾਗੂ ਰਹੇਗੀ। ਇਸ ਦੌਰਾਨ ਪੁਲਸ ਨੇ ਸਿਰਫ ਜ਼ਰੂਰੀ ਕੰਮ ਅਤੇ ਐਮਰਜੰਸੀ 'ਚ ਹੀ ਬਾਹਰ ਨਿਕਲਣ ਦੀ ਛੋਟ ਦੇ ਰੱਖੀ ਹੈ।

ਇਸ ਤੋਂ ਪਹਿਲਾਂ ਅਪ੍ਰੈਲ ਅਤੇ ਮਈ ਮਹੀਨੇ 'ਚ ਕੋਰੋਨਾ ਦੇ ਕਹਿਰ ਤੋਂ ਬਾਅਦ ਜੂਨ-ਜੁਲਾਈ 'ਚ ਮੁੰਬਈ ਨੂੰ ਮਹਾਂਮਾਰੀ ਤੋਂ ਥੋੜ੍ਹੀ ਰਾਹਤ ਮਿਲਣੀ ਸ਼ੁਰੂ ਹੋ ਗਈ ਸੀ ਪਰ ਹੁਣ ਇੱਕ ਵਾਰ ਫਿਰ ਨਵੇਂ ਮਾਮਲਿਆਂ 'ਚ ਤੇਜ਼ੀ ਆਈ ਹੈ। ਪੂਰੇ ਮਹਾਰਾਸ਼ਟਰ ਸੂਬੇ 'ਚ 24 ਘੰਟੇ ਦੇ ਅੰਦਰ ਰਿਕਾਰਡ 23 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਮਹਾਰਾਸ਼ਟਰ ਦੇਸ਼ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇਸ਼ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਹੈ। ਇਕੱਲੇ ਮਹਾਰਾਸ਼ਟਰ 'ਚ ਮਹਾਂਮਾਰੀ ਦੇ 11,21,221 ਕੇਸ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਇਨ੍ਹਾਂ 'ਚੋਂ 7,92,832 ਰਿਕਵਰ ਵੀ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 2,97,506 ਹੈ। ਹੁਣ ਤੱਕ 30,883 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਮਹਾਰਾਸ਼ਟਰ 'ਚ ਵਿਸ਼ੇਸ਼ ਰੂਪ ਨਾਲ ਮੁੰਬਈ ਦੇ ਡੈਥ ਰੇਟ ਨੂੰ ਲੈ ਕੇ ਵੀ ਚਿੰਤਾ ਸਪੱਸ਼ਟ ਕੀਤੀ ਜਾ ਚੁੱਕੀ ਹੈ। ਮੁੰਬਈ ਦਾ ਡੈਥ ਰੇਟ ਰਾਸ਼ਟਰੀ ਔਸਤ ਤੋਂ ਕਾਫ਼ੀ ਜ਼ਿਆਦਾ ਰਿਹਾ ਹੈ।

ਇਸ 'ਚ ਭਾਰਤ ਕੋਵਿਡ-19 ਮਹਾਂਮਾਰੀ ਦਾ ਵਿਸ਼ਵਵਿਆਪੀ ਕੇਂਦਰ ਬਣ ਚੁੱਕਾ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 51 ਲੱਖ ਦੇ ਪਾਰ ਕਰ ਗਈ ਹੈ। ਇਸ ਸਮੇਂ ਪੂਰੇ ਦੇਸ਼ 'ਚ ਐਕਟਿਵ ਮਾਮਲਿਆਂ ਦੀ ਗਿਣਤੀ ਤਕਰੀਬਨ ਦੱਸ ਲੱਖ ਹੈ। ਹਾਲਾਂਕਿ ਭਾਰਤ 'ਚ ਮਾਮਲਿਆਂ ਦੀ ਵੱਧਦੀ ਗਿਣਤੀ ਦੌਰਾਨ ਰਿਕਵਰੀ ਰੇਟ ਵੀ ਤੇਜ਼ੀ ਨਾਲ ਵੱਧ ਰਿਹਾ ਹੈ।


Inder Prajapati

Content Editor Inder Prajapati