ਮੁੰਬਈ ਪੁਲਸ ਨੂੰ 9 ਮਾਰਚ ਤੱਕ ਲਈ ਮਿਲੀ ਰਵੀ ਪੁਜਾਰੀ ਦੀ ਹਿਰਾਸਤ

2/23/2021 3:39:09 PM

ਮੁੰਬਈ- ਮੁੰਬਈ ਪੁਲਸ ਨੇ ਗੈਂਗਸਟਰ ਰਵੀ ਪੁਜਾਰੀ ਨੂੰ ਬੈਂਗਲੁਰੂ ਤੋਂ ਇੱਥੇ ਲਿਆਉਣ ਤੋਂ ਬਾਅਦ ਵਿਸ਼ੇਸ਼ ਮਕੋਕਾ ਅਦਾਲਤ 'ਚ ਪੇਸ਼ ਕੀਤਾ। ਕੋਰਟ ਨੇ ਉਸ ਨੂੰ 2016 ਦੀ ਗੋਲੀਬਾਰੀ ਦੇ ਇਕ ਮਾਮਲੇ 'ਚ 9 ਮਾਰਚ ਤੱਕ ਲਈ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਪੁਜਾਰੀ ਨੂੰ ਪਿਛਲੇ ਸਾਲ ਫਰਵਰੀ 'ਚ ਦੱਖਣੀ ਅਫ਼ਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ ਅਤੇ ਬੈਂਗਲੁਰੂ ਦੀ ਇਕ ਜੇਲ੍ਹ 'ਚ ਰੱਖਿਆ ਗਿਆ ਸੀ। ਉਹ ਕਈ ਸਾਲਾਂ ਤੋਂ ਫਰਾਰ ਸੀ। ਕਰਨਾਟਕ ਦੀ ਇਕ ਅਦਾਲਤ ਨੇ 21 ਅਕਤੂਬਰ 2016 ਨੂੰ ਮੁੰਬਈ ਦੇ ਵਿਲੇ ਪਾਰਲੇ ਇਲਾਕੇ 'ਚ ਗੋਲੀਬਾਰੀ ਦੇ ਇਕ ਮਾਮਲੇ 'ਚ ਗੈਂਗਸਟਰ ਪੁਜਾਰੀ ਨੂੰ ਮੁੰਬਈ ਪੁਲਸ ਨੂੰ ਸੌਂਪਣ ਦੀ ਇਜਾਜ਼ਤ ਦੇ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਸ਼ਨੀਵਾਰ ਨੂੰ ਉਸ ਨੂੰ ਲਿਆਉਣ ਲਈ ਬੈਂਗਲੁਰੂ ਰਵਾਨਾ ਹੋਈ ਸੀ।

ਇਸ ਘਟਨਾ ਤੋਂ ਬਾਅਦ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ (ਮਕੋਕਾ) ਦੇ ਪ੍ਰਬੰਧਾਂ ਅਧਈਨ ਮਾਮਲਾ ਦਰਜ ਕੀਤਾ ਗਿਆ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਜਾਰੀ ਨੂੰ ਮੰਗਲਵਾਰ ਸਵੇਰੇ ਸੜਕ ਦੇ ਰਸਤੇ ਬੈਂਗਲੁਰੂ ਤੋਂ ਮੁੰਬਈ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਸ ਦੇ ਉਗਾਹੀ ਰੋਕੂ ਸੈੱਲ ਨੇ ਨੇ ਉਸ ਨੂੰ ਇੱਥੋਂ ਦੀ ਇਕ ਵਿਸ਼ੇਸ਼ ਮਕੋਕਾ ਅਦਾਲਤ 'ਚ ਪੇਸ਼ ਕੀਤਾ। ਚੀਫ਼ ਜਸਟਿਸ ਡੀ.ਈ. ਕੋਥਾਲਿਕਰ ਨੇ ਪੁਜਾਰੀ ਨੂੰ 9 ਮਾਰਚ ਤੱਕ ਲਈ ਪੁਲਸ ਹਿਰਾਸਤ 'ਚ ਭੇਜ ਦਿੱਤਾ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਜਾਰੀ ਦੇ 7 ਸਹਿਯੋਗੀ ਪਹਿਲਾਂ ਤੋਂ ਹੀ ਜੇਲ੍ਹ 'ਚ ਹਨ। ਉਨ੍ਹਾਂ ਦੱਸਿਆ ਕਿ ਕਰਨਾਟਕ ਦੇ ਉਡੁਪੀ ਨਾਲ ਤਾਲੁਕ ਰੱਖਣ ਵਾਲਾ ਪੁਜਾਰੀ ਵਿਦੇਸ਼ ਤੋਂ ਉਗਾਹੀ ਰੈਕੇਟ ਚਲਾਉਂਦਾ ਸੀ ਅਤੇ ਕਾਰੋਬਾਰੀਆਂ ਤੇ ਫਿਲਮ ਹਸਤੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ।


DIsha

Content Editor DIsha