ਮੁੰਬਈ ''ਚ ਗਣਪਤੀ ਉਤਸਵ ਦੇ ਸਮਾਪਨ ਤੋਂ ਬਾਅਦ 28 ਹਜ਼ਾਰ ਤੋਂ ਵੱਧ ਮੂਰਤੀਆਂ ਹੋਈਆਂ ਵਿਸਰਜਨ

Wednesday, Sep 02, 2020 - 02:16 PM (IST)

ਮੁੰਬਈ ''ਚ ਗਣਪਤੀ ਉਤਸਵ ਦੇ ਸਮਾਪਨ ਤੋਂ ਬਾਅਦ 28 ਹਜ਼ਾਰ ਤੋਂ ਵੱਧ ਮੂਰਤੀਆਂ ਹੋਈਆਂ ਵਿਸਰਜਨ

ਮੁੰਬਈ- ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਸਾਲ ਗਣੇਸ਼ ਉਤਸਵ ਤਿਉਹਾਰ ਬੇਹੱਦ ਆਮ ਤਰੀਕੇ ਨਾਲ ਮਨਾਇਆ ਗਿਆ। 11 ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਦਾ ਮੁੰਬਈ 'ਚ 28 ਹਜ਼ਾਰ ਤੋਂ ਵੱਧ ਮੂਰਤੀਆਂ ਦੇ ਵਿਸਰਜਨ ਨਾਲ ਸਮਾਪਨ ਹੋ ਗਿਆ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਮੂਰਤੀ ਵਿਸਰਜਨ ਦੀ ਸ਼ੁਰੂਆਤ ਮੰਗਲਵਾਰ ਸਵੇਰ ਤੋਂ 'ਅਨੰਤ ਚਤੁਰਦਸ਼ੀ' ਮੌਕੇ ਹੋਈ, ਜੋ ਉਤਸਵ ਦਾ ਸਮਾਪਨ ਦਿਨ ਸੀ। ਹਾਲਾਂਕਿ ਬੁੱਧਵਾਰ ਤੜਕੇ ਤੱਕ ਭਗਤ ਮੂਰਤੀ ਵਿਸਰਜਨ ਕਰਦੇ ਰਹੇ। ਬ੍ਰਹਿਨਮੁੰਬਈ ਮਹਾ ਨਗਰਪਾਲਿਕਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁੱਲ 28,293 ਮੂਰਤੀਆਂ ਦਾ ਵਿਸਰਜਨ ਬੁੱਧਵਾਰ ਤੜਕੇ 3 ਵਜੇ ਤੱਕ ਸ਼ਹਿਰ ਦੀਆਂ ਜਲ ਇਕਾਈਆਂ 'ਚ ਹੋਇਆ। ਇਨ੍ਹਾਂ 'ਚੋਂ 3,817 ਜਨਤਕ ਮੰਡਲਾਂ 'ਚ ਜਦੋਂ ਕਿ 24,476 ਮੂਰਤੀਆਂ ਘਰ 'ਚ ਸਥਾਪਤ ਕੀਤੀਆਂ ਗਈਆਂ ਸਨ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 'ਚੋਂ 13,742 ਮੂਰਤੀਆਂ ਦਾ ਵਿਸਰਜਨ ਇਸ ਉਦੇਸ਼ ਲਈ ਬਣਾਏ ਗਏ ਨਕਲੀ ਤਾਲਾਬਾਂ 'ਚ ਕੀਤਾ ਗਿਆ। ਅਧਿਕਾਰੀ ਨੇ ਕਿਹਾ,''ਮੂਰਤੀ ਵਿਸਰਜਨ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।'' ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਾਦੇ ਤਰੀਕੇ ਨਾਲ ਗਣਪਤੀ ਉਤਸਵ ਮਨਾਉਣ। ਉਨ੍ਹਾਂ ਨੇ ਗਣੇਸ਼ ਮੰਡਲਾਂ ਤੋਂ ਇਸ ਦੌਰਾਨ ਸਮਾਜਿਕ ਕਲਿਆਣ ਨਾਲ ਜੁੜੇ ਕੰਮ ਕਰਨ ਦੀ ਅਪੀਲ ਕੀਤੀ ਸੀ।


author

DIsha

Content Editor

Related News