ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ; ਸਾਬਰਮਤੀ ਨਦੀ ’ਤੇ 480 ਮੀਟਰ ਲੰਬਾ ਤੇ 36 ਮੀਟਰ ਉੱਚਾ ਪੁਲ ਤਿਆਰ
Monday, Oct 05, 2026 - 05:18 PM (IST)
ਅਹਿਮਦਾਬਾਦ (ਏਜੰਸੀ)- ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (ਐੱਨ. ਐੱਚ. ਐੱਸ. ਆਰ. ਸੀ. ਐੱਲ.) ਨੇ ਦੱਸਿਆ ਹੈ ਕਿ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ਦੇ ਹਿੱਸੇ ਵਜੋਂ ਸਾਬਰਮਤੀ ਨਦੀ ’ਤੇ 480 ਮੀਟਰ ਲੰਬਾ ਤੇ 36 ਮੀਟਰ ਉੱਚਾ ਪੁਲ ਤਿਆਰ ਹੋ ਗਿਆ ਹੈ। ਇਕ ਰਿਲੀਜ਼ ’ਚ ਐੱਨ. ਐੱਚ. ਐੱਸ. ਆਰ. ਸੀ. ਐੱਲ. ਨੇ ਕਿਹਾ ਕਿ ਲੱਗਭਗ 118 ਫੁੱਟ ਉੱਚਾ ਪੁਲ 12 ਮੰਜ਼ਿਲਾ ਇਮਾਰਤ ਦੇ ਬਰਾਬਰ ਹੈ। ਇਹ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਕਾਰੀਡੋਰ ਦੇ ਮੁੱਖ ਢਾਂਚਿਆਂ ’ਚੋਂ ਇਕ ਹੈ।
ਰਿਲੀਜ਼ ’ਚ ਕਿਹਾ ਗਿਆ ਹੈ ਕਿ ਇਹ ਪੁਲ ਪੱਛਮੀ ਰੇਲਵੇ ਦੀ ਅਹਿਮਦਾਬਾਦ-ਦਿੱਲੀ ਮੁੱਖ ਲਾਈਨ ਦੇ ਨੇੜੇ ਸਥਿਤ ਹੈ। ਜ਼ਮੀਨੀ ਪੱਧਰ ਤੋਂ ਇਹ ਲੱਗਭਗ 14.8 ਮੀਟਰ ਦੀ ਉਚਾਈ ’ਤੇ ਹੈ। ਪੁਲ ਸਾਬਰਮਤੀ ਅਤੇ ਅਹਿਮਦਾਬਾਦ ਸਟੇਸ਼ਨਾਂ ਦਰਮਿਅਾਨ ਸਥਿਤ ਹੈ। ਇਹ ਸਾਬਰਮਤੀ ਸਟੇਸ਼ਨ ਤੋਂ ਲੱਗਭਗ ਇਕ ਕਿਲੋਮੀਟਰ ਤੇ ਅਹਿਮਦਾਬਾਦ ਸਟੇਸ਼ਨ ਤੋਂ 4 ਕਿਲੋਮੀਟਰ ਦੂਰ ਹੈ।
ਰਿਲੀਜ਼ ਅਨੁਸਾਰ ਮੌਜੂਦਾ ਬੁਨਿਆਦੀ ਢਾਂਚੇ ਤੋਂ ਲੋੜੀਂਦੀ ਦੂਰੀ ਬਣਾਈ ਰੱਖਣ ਲਈ ਸਾਬਰਮਤੀ ਨਦੀ ਦੇ ਪੁਲ ਦੇ ਪਿੱਲਰਾਂ ਨੂੰ ਵਧੀ ਹੋਈ ਉਚਾਈ ਨਾਲ ਡਿਜ਼ਾਈਨ ਕੀਤਾ ਗਿਆ ਹੈ। ਪੁਲ ਨੂੰ 8 ਗੋਲਾਕਾਰ ਥੰਮ੍ਹਾਂ ਰਾਹੀਂ ਸਹਾਰਾ ਦਿੱਤਾ ਗਿਅਾ ਹੈ। ਇਨ੍ਹਾਂ ’ਚੋਂ 4 ਥੰਮ੍ਹ ਨਦੀ ਦੇ ਤਲ ’ਚ ਸਥਿਤ ਹਨ, 2 ਨਦੀ ਦੇ ਦੋਵੇਂ ਪਾਸੇ ਤੇ 2 ਨਦੀ ਦੇ ਕੰਢਿਆਂ ਤੋਂ ਬਾਹਰ ਹਨ। ਥੰਮ੍ਹਾਂ ਨੂੰ ਰਣਨੀਤਕ ਢੰਗ ਨਾਲ ਇਸ ਤਰੀਕੇ ਲਾਇਆ ਗਿਆ ਹੈ ਕਿ ਪਾਣੀ ਦੇ ਵਹਾਅ ’ਚ ਰੁਕਾਵਟ ਨਾ ਪਏ।
