ਵਿਆਹ ਦੀ ਪਾਰਟੀ ’ਚ ਖਾਣਾ ਖਾਣ ਨਾਲ 12 ਲੋਕ ਬੀਮਾਰ, ਹਸਪਤਾਲ ’ਚ ਦਾਖ਼ਲ

06/05/2022 4:56:46 PM

ਗਵਾਲੀਅਰ– ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ’ਚ ਵਿਆਹ ਦੀ ਪਾਰਟੀ ’ਚ ਖਾਣਾ ਖਾਣ ਨਾਲ ਇਕ ਪਿੰਡ ਦੇ ਘੱਟੋ-ਘੱਟ 12 ਲੋਕ ਬੀਮਾਰ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਡਬਰਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਇਕ ਸਿਹਤ ਅਧਿਕਾਰੀ ਨੇ ਐਤਵਾਰ ਨੂੰ ਦਿੱਤੀ। ਗਵਾਲੀਅਰ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਮਨੀਸ਼ ਸ਼ਰਮਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਛਪਰਾ ਪਿੰਡ ਵਿਚ ਹੋਏ ਵਿਆਹ ਸਮਾਗਮ ’ਚ ਪਿੰਡ ਵਾਸੀਆਂ ਨੇ ਖਾਣਾ ਖਾਧਾ ਸੀ। ਸ਼ਾਇਦ ਇਹ ਖਾਣਾ ਖ਼ਰਾਬ ਸੀ, ਜਿਸ ਕਾਰਨ ਲੋਕਾਂ ਨੂੰ ਉਲਟੀਆਂ ਅਤੇ ਦਸਤ ਹੋਣ ਲੱਗੇ।

ਮਨੀਸ਼ ਨੇ ਕਿਹਾ ਕਿ ਬੀਤੀ ਸ਼ਾਮ ਇਨ੍ਹਾਂ ਬੀਮਾਰ ਲੋਕਾਂ ਨੂੰ ਡਬਰਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਸਾਰੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸ਼ਰਮਾ ਨੇ ਦੱਸਿਆ ਕਿ ਬੀਮਾਰ ਹੋਏ ਸਾਰੇ ਲੋਕ ਬਾਲਗ ਹਨ ਅਤੇ ਇਲਾਜ ਮਿਲਣ ਮਗਰੋਂ ਉਨ੍ਹਾਂ ਦੀ ਸਥਿਤੀ ਬਿਹਤਰ ਹੋ ਰਹੀ ਹੈ। ਇਸ ਦੇ ਨਾਲ ਹੀ ਪਿੰਡ ’ਚ ਡਾਕਟਰਾਂ ਦੀ ਟੀਮ ਨੂੰ ਭੇਜਿਆ ਗਿਆ ਹੈ, ਜੋ ਬੀਮਾਰ ਲੋਕਾਂ ਦੀ ਜਾਂਚ ਕਰ ਰਹੀ ਹੈ।


Tanu

Content Editor

Related News