ਅਜਿਹੀ ਬੇਈਮਾਨੀ ਜਾਰੀ ਰਹੀ ਤਾਂ ਕੂੜੇ ਦਾ ਪਹਾੜ ਬਣ ਜਾਵੇਗਾ ਮਾਊਂਟ ਐਵਰੈਸਟ
Friday, Jan 02, 2026 - 05:43 AM (IST)
ਨੈਸ਼ਨਲ ਡੈਸਕ - ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ’ਤੇ ਪਰਬਤਾਰੋਹੀਆਂ ਵੱਲੋਂ ਫੈਲਾਇਆ ਗਿਆ ਕੂੜਾ ਘੱਟ ਕਰਨ ਦੀਆਂ ਕੋਸ਼ਿਸ਼ਾਂ ਸਿਸਟਮ ਨਾਲ ਧੋਖਾਦੇਹੀ ਕਾਰਨ ਫੇਲ ਹੋ ਰਹੀਆਂ ਹਨ। ਕੂੜੇ ਦਾ ਢੇਰ ਘੱਟ ਹੋਣ ਦੀ ਥਾਂ ਵਧ ਰਿਹਾ ਹੈ। ਇਸ ਕੂੜੇ ਨੂੰ ਘੱਟ ਕਰਨ ਲਈ 2014 ’ਚ ਇਕ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਦੇ ਤਹਿਤ ਚੋਟੀ ’ਤੇ ਚੜ੍ਹਨ ਦੇ ਇੱਛੁਕ ਹਰ ਪਰਬਤਾਰੋਹੀ ਨੂੰ 4000 ਡਾਲਰ (ਕਰੀਬ 3,60,000 ਰੁਪਏ) ਜਮ੍ਹਾ ਕਰਵਾਉਣੇ ਪੈਂਦੇ ਹਨ ਅਤੇ ਜੋ ਪਰਬਤਾਰੋਹੀ ਆਪਣੇ ਨਾਲ ਘੱਟੋ-ਘੱਟ 8 ਕਿਲੋਗ੍ਰਾਮ ਕੂੜਾ ਵਾਪਸ ਲਿਆਉਂਦੇ ਹਨ, ਉਨ੍ਹਾਂ ਦੀ ਪੂਰੀ ਰਾਸ਼ੀ ਵਾਪਸ ਕਰ ਦਿੱਤੀ ਜਾਂਦੀ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਇਸ ਯੋਜਨਾ ਨਾਲ ਮਾਊਂਟ ਐਵਰੈਸਟ ਨੂੰ ਸਵੱਛ ਰੱਖਣ ’ਚ ਮਦਦ ਮਿਲੇਗੀ ਪਰ ਅਜਿਹਾ ਨਹੀਂ ਹੋਇਆ।
ਧੋਖੇਬਾਜ਼ੀ ਇੰਝ ਹੋਈ
ਯੋਜਨਾ ਦੇ 11 ਸਾਲ ਬਾਅਦ ਚੋਟੀ ਦੇ ਉੱਚੇ ਹਿੱਸੇ ’ਚ ਕੂੜੇ ਦੀ ਸਮੱਸਿਆ ਵਧਦੀ ਜਾ ਰਹੀ ਹੈ। ਅਕਸਰ ਕਈ ਪਰਬਤਾਰੋਹੀ ਧੋਖਾਦੇਹੀ ਕਰਦੇ ਹੋਏ ਵਾਪਸੀ ’ਚ ਸਿਰਫ਼ ਹੇਠਲੇ ਕੈਂਪਾਂ ਤੋਂ ਕੂੜਾ ਚੁੱਕ ਲਿਆਉਂਦੇ ਹਨ ਅਤੇ ਰਾਸ਼ੀ ਵਾਪਸ ਲੈ ਲੈਂਦੇ ਹਨ।
ਛੱਡ ਆਉਂਦੇ ਹਨ ਜ਼ਿਆਦਾਤਰ ਕੂੜਾ
ਸਾਗਰਮਾਥਾ ਪ੍ਰਦੂਸ਼ਣ ਕੰਟਰੋਲ ਕਮੇਟੀ (ਐੱਸ. ਪੀ. ਸੀ. ਸੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਤਸ਼ੇਰਿੰਗ ਸ਼ੇਰਪਾ ਨੇ ਦੱਸਿਆ ਕਿ ਉੱਚੇ ਕੈਂਪਾਂ ਤੋਂ ਪਰਬਤਾਰੋਹੀ ਸਿਰਫ਼ ਆਕਸੀਜਨ ਦੀਆਂ ਬੋਤਲਾਂ ਹੀ ਨਾਲ ਵਾਪਸ ਲਿਆਉਂਦੇ ਹਨ। ਹੋਰ ਚੀਜ਼ਾਂ ਜਿਵੇਂ ਕੇਨ, ਖਾਣੇ ਦੇ ਪੈਕਿੰਗ ਬਾਕਸ, ਬੋਤਲਾਂ ਅਤੇ ਟੈਂਟ ਤੱਕ ਉਥੇ ਹੀ ਛੱਡ ਆਉਂਦੇ ਹਨ। ਇਹੀ ਕਾਰਨ ਹੈ ਕਿ ਉੱਚਾਈ ’ਤੇ ਲਗਾਤਾਰ ਕੂੜਾ ਵਧ ਰਿਹਾ ਹੈ।
12 ਕਿਲੋਗ੍ਰਾਮ ਕੂੜਾ ਛੱਡਦਾ ਹੈ ਹਰ ਪਰਬਤਾਰੋਹੀ
ਤਸ਼ੇਰਿੰਗ ਸ਼ੇਰਪਾ ਅਨੁਸਾਰ ਹਰ ਪਰਬਤਾਰੋਹੀ ਆਪਣੇ ਛੇ ਹਫ਼ਤਿਆਂ ਦੇ ਠਹਿਰਾਅ ਦੌਰਾਨ ਔਸਤਨ 12 ਕਿਲੋਗ੍ਰਾਮ ਕੂੜਾ ਛੱਡਦਾ ਹੈ। ਅਜਿਹੇ ’ਚ ਕੂੜੇ ਦਾ ਵਧਣਾ ਸੁਭਾਵਿਕ ਹੈ।
ਕਾਫ਼ੀ ਕੂੜਾ ਹਟਾ ਚੁੱਕੀ ਹੈ ਨੇਪਾਲੀ ਫ਼ੌਜ
ਨੇਪਾਲੀ ਫ਼ੌਜ ਨੇ ਮਾਊਂਟ ਐਵਰੈਸਟ ਅਤੇ ਇਸ ਦੇ ਆਸ-ਪਾਸ ਦੇ ਪਹਾੜਾਂ ਤੋਂ 27.6 ਟਨ ਕੂੜਾ 2021 ’ਚ ਅਤੇ 34 ਟਨ ਕੂੜਾ 2022 ’ਚ ਹਟਾਇਆ ਸੀ।
ਸਾਲ 2020 ’ਚ ਆਏ ਇਕ ਖੋਜ ਮੁਤਾਬਕ ਪਰਬਤਾਰੋਹੀਆਂ ਨੇ ਪਿਛਲੇ 60 ਸਾਲਾਂ ’ਚ ਮਾਊਂਟ ਐਵਰੈਸਟ ’ਤੇ 50 ਟਨ ਕੂੜਾ ਛੱਡਿਆ ਹੈ।
