ਰੋਹਤਾਂਗ ’ਚ ਇਕ ਫੁੱਟ ਤੋਂ ਵੱਧ ਬਰਫ਼ਬਾਰੀ
Friday, Nov 11, 2022 - 11:47 AM (IST)
ਕੇਲੌਂਗ (ਬਿਊਰੋ)– ਦੋ ਦਿਨਾਂ ਤੋਂ ਜਾਰੀ ਬਰਫਬਾਰੀ ਕਾਰਨ ਰੋਹਤਾਂਗ ਅਤੇ ਬਰਾਲਾਚਾ ਦੱਰੇ ਸੈਲਾਨੀਆਂ ਲਈ ਬੰਦ ਹੋ ਗਏ ਹਨ। ਇਨ੍ਹਾਂ ਸੈਰ-ਸਪਾਟਾ ਸਥਾਨਾਂ ’ਤੇ ਇਕ ਫੁੱਟ ਤੋਂ ਜ਼ਿਆਦਾ ਬਰਫ ਪੈ ਚੁੱਕੀ ਹੈ। ਮਨਾਲੀ-ਲੇਹ ਸੜਕ ’ਤੇ ਪਹਿਲਾਂ ਹੀ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ ਸੀ, ਜਦੋਂ ਕਿ ਹੁਣ ਗ੍ਰਾਂਫੂ-ਕਾਜ਼ਾ ਅਤੇ ਦਾਰਚਾ-ਸ਼ਿੰਕੁਲਾ-ਪਦੁਮ ਸੜਕ ’ਤੇ ਵੀ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ।
ਵੀਰਵਾਰ ਨੂੰ ਸਾਰੇ ਉੱਚਾਈ ਵਾਲੇ ਸੈਰ-ਸਪਾਟਾ ਸਥਾਨ ਸੈਲਾਨੀਆਂ ਲਈ ਬੰਦ ਰਹੇ। ਸੈਲਾਨੀਆਂ ਨੇ ਅਟਲ ਸੁਰੰਗ ਦੇ ਦੱਖਣੀ ਅਤੇ ਉੱਤਰੀ ਪੋਰਟਲ ’ਤੇ ਬਰਫ਼ਬਾਰੀ ਦਾ ਆਨੰਦ ਮਾਣਿਆ। ਪਹਾੜਾਂ ’ਤੇ ਬਰਫਬਾਰੀ ਨਾਲ ਮਨਾਲੀ ’ਚ ਸੈਰ-ਸਪਾਟਾ ਕਾਰੋਬਾਰ ਨੇ ਰਫਤਾਰ ਫੜ ਲਈ ਹੈ। ਬਾਹਰੀ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ’ਚ ਵੀ ਵਾਧਾ ਹੋਇਆ ਹੈ।
ਐੱਸ. ਡੀ. ਐੱਮ. ਮਨਾਲੀ ਦੇ ਡਾਕਟਰ ਸੁਰਿੰਦਰ ਠਾਕੁਰ ਨੇ ਦੱਸਿਆ ਕਿ ਰੋਹਤਾਂਗ ਦੱਰੇ ’ਚ ਭਾਰੀ ਬਰਫਬਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਥਿਤੀ ਆਮ ਹੋਣ ’ਤੇ ਹੀ ਸੈਲਾਨੀਆਂ ਨੂੰ ਰੋਹਤਾਂਗ ਤੱਕ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।