ਇਸ ਸਾਲ ਮਾਨਸੂਨ ਦੌਰਾਨ ਬਾਰਸ਼ ਅਤੇ ਹੜ੍ਹ ਨਾਲ ਕਰੀਬ 1900 ਲੋਕਾਂ ਦੀ ਹੋਈ ਮੌਤ

10/04/2019 5:02:28 PM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਸਾਲ ਮਾਨਸੂਨ ਦੌਰਾਨ ਹੋਈ ਬਾਰਸ਼ ਅਤੇ ਹੜ੍ਹ ਨਾਲ ਕਰੀਬ 1900 ਲੋਕਾਂ ਦੀ ਮੌਤ ਹੋਈ ਅਤੇ ਹੋਰ 46 ਲੋਕ ਲਾਪਤਾ ਹਨ। 22 ਰਾਜਾਂ 'ਚ ਕਰੀਬ 25 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਅਨੁਸਾਰ ਬਾਰਸ਼, ਹੜ੍ਹ ਅਤੇ ਜ਼ਮੀਨ ਖਿੱਸਕਣ ਨਾਲ ਸਭ ਤੋਂ ਵਧ 382 ਲੋਕਾਂ ਦੀ ਮੌਤ ਮਹਾਰਾਸ਼ਟਰ 'ਚ ਹੋਈ, ਜਦੋਂ ਕਿ 227 ਮੌਤਾਂ ਨਾਲ ਪੱਛਮੀ ਬੰਗਾਲ ਦੂਜੇ ਸਥਾਨ 'ਤੇ ਰਿਹਾ। ਦੇਸ਼ ਦੇ ਕਰੀਬ 357 ਜ਼ਿਲੇ ਹੜ੍ਹ ਅਤੇ ਜ਼ਮੀਨ ਖਿੱਸਕਣ ਦੀਆਂ ਘਟਨਾਵਾਂ ਨਾਲ ਪ੍ਰਭਾਵਿਤ ਹੋਏ। ਅਧਿਕਾਰੀਆਂ ਨੇ ਦੱਸਿਆ ਕਿ 738 ਲੋਕ ਜ਼ਖਮੀ ਹੋਏ ਹਨ ਅਤੇ ਕਰੀਬ 20 ਹਜ਼ਾਰ ਮਵੇਸ਼ੀਆਂ ਦੀ ਵੀ ਇਸ ਦੌਰਾਨ ਮੌਤ ਹੋਈ। ਉਨ੍ਹਾਂ ਨੇ ਦੱਸਿਆ ਕਿ 1.09 ਲੱਖ ਘਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ ਹਨ, 2.05 ਲੱਖ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 14.14 ਲੱਖ ਹੈਕਟੇਅਰ ਫਸਲ ਬਰਬਾਦ ਹੋ ਗਈ ਹੈ। ਅਧਿਕਾਰੀਆਂ ਅਨੁਸਾਰ 1,874 ਲੋਕਾਂ ਦੀ ਮੌਤ ਹੋਈ ਹੈ।

ਮੌਸਮ ਵਿਭਾਗ ਨੇ ਦੱਸਿਆ ਕਿ ਅਧਿਕਾਰਤ ਰੂਪ ਨਾਲ 30 ਸਤੰਬਰ ਨੂੰ ਬਾਰਸ਼ ਵਾਲਾ ਮੌਸਮ ਖਤਮ ਹੋ ਗਿਆ ਪਰ ਇਸ ਦੇ ਬਾਵਜੂਦ ਦੇਸ਼ ਦੇ ਕਈ ਇਲਾਕਿਆਂ 'ਚ ਮਾਨਸੂਨ ਸਰਗਰਮ ਹੈ। ਇਸ ਨੇ ਦੱਸਿਆ ਕਿ 1994 ਤੋਂ ਬਾਅਦ ਪਹਿਲੀ ਵਾਰ ਇਨ੍ਹਾਂ ਚਾਰ ਮਹੀਨਿਆਂ 'ਚ ਸਭ ਤੋਂ ਵਧ ਬਾਰਸ਼ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮਾਨਸੂਨੀ ਬਾਰਸ਼ ਅਤੇ ਹੜ੍ਹ ਨਾਲ ਪੱਛਮੀ ਬੰਗਾਲ 'ਚ ਵੀ 22 ਜ਼ਿਲੇ ਪ੍ਰਭਾਵਿਤ ਹੋਏ, ਜਿਨ੍ਹਾਂ 'ਚ 227 ਲੋਕਾਂ ਦੀ ਜਾਨ ਚੱਲੀ ਗਈ ਅਤੇ 37 ਲੋਕ ਜ਼ਖਮੀ ਹੋਏ। ਇਸ ਦੇ ਨਾਲ ਹੀ ਚਾਰ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। 43,433 ਲੋਕਾਂ ਨੂੰ 280 ਰਾਹਤ ਕੰਪਲੈਕਸਾਂ 'ਚ ਭੇਜਣਾ ਪਿਆ।

ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ 'ਚ ਹੁਣ ਵੀ ਹੜ੍ਹ ਦੇ ਹਾਲਾਤ ਹਨ। 161 ਲਕਾਂ ਦੀ ਹੜ੍ਹ ਨਾਲ ਮੌਤ ਹੋ ਚੁਕੀ ਹੈ ਅਤੇ 27 ਜ਼ਿਲਿਆਂ 'ਚ ਆਏ ਹੜ੍ਹ ਕਾਰਨ 1.26 ਲੱਖ ਲੋਕਾਂ ਨੂੰ 235 ਰਾਹਤ ਕੈਂਪਾਂ 'ਚ ਭੇਜਿਆ ਗਿਆ ਹੈ। ਮੱਧ ਪ੍ਰਦੇਸ਼ ਦੇ 38 ਜ਼ਿਲਿਆਂ ਨੂੰ ਹੜ੍ਹ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ 'ਚੋਂ 182 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ 38 ਲਾਪਤਾ ਹਨ। 32,996 ਲੋਕਾਂ ਨੂੰ 98 ਰਾਹਤ ਕੈਂਪਾਂ 'ਚ ਭੇਜ ਦਿੱਤਾ ਗਿਆ। ਕੇਰਲ 'ਚ ਭਾਰੀ ਬਾਰਸ਼ ਅਤੇ ਹੜ੍ਹ ਨਾਲ 13 ਜ਼ਿਲਿਆਂ 'ਚ 181 ਲੋਕਾਂ ਦੀ ਮੌਤ ਹੋਈ ਅਤੇ 72 ਲੋਕ ਲਾਪਤਾ ਹਨ। 2,227 ਰਾਹਤ ਕੰਪਲੈਕਸਾਂ 'ਚ ਕਰੀਬ 4.46 ਲੱਖ ਲੋਕਾਂ ਨੇ ਸ਼ਰਨ ਲਈ। ਬਾਰਸ਼ ਵਾਲੇ ਮੌਸਮ ਦੌਰਾਨ ਗੁਜਰਾਤ ਦੇ 22 ਜ਼ਿਲਿਆਂ ਨੂੰ ਹੜ੍ਹ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ 'ਚ 169 ਲੋਕਾਂ ਦੀ ਮੌਤ ਹੋਈ, 17 ਜ਼ਖਮੀ ਹੋਏ ਅਤੇ ਹੜ੍ਹ ਪ੍ਰਭਾਵਿਤਾਂ ਲਈ ਬਣਾਏ ਗਏ 102 ਰਾਹਤ ਕੰਪਲੈਕਸਾਂ 'ਚ ਕਰੀਬ 2.48 ਲੱਖ ਲੋਕਾਂ ਨੇ ਸ਼ਰਨ ਲਈ। ਇਸ ਦੇ ਨਾਲ ਹੀ ਇਕ ਜੂਨ ਤੋਂ 30 ਸਤੰਬਰ ਦਰਮਿਆਨ ਆਸਾਮ ਦੇ 32 ਜ਼ਿਲਿਆਂ 'ਚ ਹੜ੍ਹ ਆਏ, ਜਿਨ੍ਹਾਂ 'ਚ 97 ਲੋਕਾਂ ਦੀ ਮੌਤ ਹੋਈ ਅਤੇ 5.35 ਲੱਖ ਲੋਕਾਂ ਨੂੰ 1,357 ਰਾਹਤ ਕੰਪਲੈਕਸਾਂ 'ਚ ਭੇਜ ਦਿੱਤਾ ਗਿਆ।


DIsha

Content Editor

Related News