ਹਿਮਾਚਲ ਪ੍ਰਦੇਸ਼ ''ਚ ਮਾਨਸੂਨ ਨੇ ਦਿੱਤੀ ਦਸਤਕ, ''ਯੈਲੋ ਅਲਰਟ'' ਜਾਰੀ

06/24/2020 5:52:54 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਚ ਦੱਖਣੀ-ਪੱਛਮੀ ਮਾਨਸੂਨ ਪਹੁੰਚ ਗਿਆ ਹੈ ਅਤੇ ਇਸ ਨਾਲ ਸੂਬੇ ਦੇ ਕਈ ਖੇਤਰਾਂ ਵਿਚ ਭਾਰੀ ਮੀਂਹ ਪੈਣ ਦੀਆਂ ਸੂਚਨਾਵਾਂ ਹਨ। ਸਥਾਨਕ ਮੌਸਮ ਮਹਿਕਮੇ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਸਾਲ ਦੋ ਜੁਲਾਈ ਨੂੰ ਸਾਲ 2018 'ਚ 27 ਜੂਨ ਅਤੇ 2017 'ਚ ਪਹਿਲੀ ਜੁਲਾਈ ਨੂੰ ਮਾਨਸੂਨ ਨੇ ਸੂਬੇ 'ਚ ਦਸਤਕ ਦਿੱਤੀ ਸੀ। ਇਸ ਵਾਰ ਪਹਿਲਾਂ ਹੀ ਮਾਨਸੂਨ ਆ ਗਿਆ ਹੈ।

ਮਹਿਕਮੇ ਦਾ ਪਹਿਲਾਂ ਤੋਂ ਅਨੁਮਾਨ ਹੈ ਕਿ ਪ੍ਰਦੇਸ਼ ਦੇ ਮੈਦਾਨੀ ਅਤੇ ਵਿਚਕਾਰਲੇ ਖੇਤਰਾਂ ਊਨਾ, ਬਿਲਾਸਪੁਰ, ਕਾਂਗੜਾ, ਸੋਨਲ, ਸ਼ਿਮਲਾ, ਸਿਰਮੌਰ ਅਤੇ ਚੰਬਾ ਦੀਆਂ ਕਈ ਥਾਵਾਂ 'ਤੇ ਗੜੇਮਾਰੀ ਅਤੇ ਮੀਂਹ ਪੈ ਸਕਦਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਹੈ।

ਮਹਿਕਮੇ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਮਾਨਸੂਨ ਸੀਜ਼ਨ ਦੌਰਾਨ ਪ੍ਰਦੇਸ਼ ਵਿਚ ਆਮ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਬੀਤੇ 24 ਘੰਟਿਆਂ ਵਿਚ ਕਾਂਗੜਾ ਅਤੇ ਮੰਡੀ ਜ਼ਿਲਿਆਂ ਸਮੇਤ ਕਈ ਥਾਵਾਂ 'ਤੇ ਮੀਂਹ ਪਿਆ। ਇਸ ਤੋਂ ਇਲਾਵਾ ਰਾਜਧਾਨੀ ਸ਼ਿਮਲਾ ਸਮੇਤ ਕਈ ਥਾਵਾਂ 'ਤੇ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਪ੍ਰਦੇਸ਼ ਵਿਚ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਇਕ ਤੋਂ ਦੋ ਡਿਗਰੀ ਸੈਲਸੀਅਸ ਘੱਟ ਰਿਹਾ।


Tanu

Content Editor

Related News