ਮਾਨਸੂਨ ਨੇ ਫੜੀ ਰਫ਼ਤਾਰ, ਮਹਾਰਾਸ਼ਟਰ-ਆਂਧਰਾ ਤੱਕ ਪਹੁੰਚਿਆ
Sunday, Jun 07, 2026 - 04:13 AM (IST)
ਨਵੀਂ ਦਿੱਲੀ - 3 ਦਿਨਾਂ ਦੀ ਦੇਰੀ ਤੋਂ ਬਾਅਦ ਮਾਨਸੂਨ ਨੇ ਰਫ਼ਤਾਰ ਫੜ ਲਈ ਹੈ। ਸ਼ਨੀਵਾਰ ਨੂੰ ਇਹ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮਿਜ਼ੋਰਮ ਅਤੇ ਮਣੀਪੁਰ ਪਹੁੰਚ ਗਿਆ। ਇਸ ਤੋਂ ਪਹਿਲਾਂ ਇਹ ਕੇਰਲਮ, ਕਰਨਾਟਕ, ਤਾਮਿਲਨਾਡੂ ਅਤੇ ਗੋਆ ਵਿਚ ਐਂਟਰੀ ਕਰ ਚੁੱਕਾ ਹੈ।
ਕੇਰਲਮ ਦੇ ਮਲਪੁਰਮ, ਕੋਝੀਕੋਡ, ਵਾਇਨਾਡ, ਕੰਨੂਰ ਤੇ ਕਾਸਰਗੋਡ ’ਚ ਮੀਂਹ ਦਾ ਰੈੱਡ ਅਲਰਟ ਜਾਰੀ ਹੈ। ਤ੍ਰਿਸ਼ੂਰ ’ਚ ਦਰੱਖਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਵਾਇਨਾਡ ਤੇ ਕਾਸਰਗੋਡ ’ਚ ਸਕੂਲ ਬੰਦ ਹਨ, ਜਦੋਂ ਕਿ ਟ੍ਰੈਕਿੰਗ ਅਤੇ ਪਹਾੜੀ ਰਸਤਿਆਂ ’ਤੇ ਰਾਤ ਦੇ ਸਫ਼ਰ ’ਤੇ ਰੋਕ ਲਗਾਈ ਗਈ ਹੈ।
ਬਿਹਾਰ ਵਿਚ ਆਸਮਾਨੀ ਬਿਜਲੀ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਗੁਜਰਾਤ ਨੂੰ ਛੱਡ ਕੇ ਦੇਸ਼ ਭਰ ਵਿਚ ਪ੍ਰੀ-ਮਾਨਸੂਨ ਗਤੀਵਿਧੀਆਂ ਤੇਜ਼ ਹਨ। ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਚ ਭਾਰੀ ਮੀਂਹ ਕਾਰਨ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਵਿਚ ਮਾਨਸੂਨ ਨਾਰਥ-ਈਸਟ ਦੇ ਸਾਰੇ ਸੂਬਿਆਂ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਤੱਕ ਪਹੁੰਚ ਸਕਦਾ ਹੈ। ਅਗਲੇ 10 ਦਿਨਾਂ ਵਿਚ ਇਸ ਦੇ ਬਿਹਾਰ, ਝਾਰਖੰਡ ਅਤੇ ਓਡਿਸ਼ਾ ਪਹੁੰਚਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡਿਸ਼ਾ ਅਤੇ ਬੰਗਾਲ ਵਿਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਮੱਠੀ ਰਹਿ ਸਕਦੀ ਹੈ, ਕਿਉਂਕਿ ਇਸ ਨੂੰ ਅੱਗੇ ਵਧਾਉਣ ਲਈ ਬੰਗਾਲ ਦੀ ਖਾੜੀ ਵਿਚ ਕੋਈ ਮਜ਼ਬੂਤ ਮੌਸਮ ਸਿਸਟਮ ਐਕਟਿਵ ਨਹੀਂ ਹੈ।
