PM ਮੋਦੀ ਨੇ ਸੰਤ ਰਵਿਦਾਸ ਮੰਦਰ ਦਾ ਰੱਖਿਆ ਨੀਂਹ ਪੱਥਰ, ਬੋਲੇ- ਉਦਘਾਟਨ ਕਰਨ ਵੀ ਮੈਂ ਹੀ ਆਵਾਂਗਾ
Saturday, Aug 12, 2023 - 07:26 PM (IST)
ਸਾਗਰ (ਮੱ. ਪ੍ਰ.), (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਦੇ ਬੜਤੁਮਾ 'ਚ 11 ਏਕੜ ਜ਼ਮੀਨ 'ਤੇ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੰਤ ਰਵਿਦਾਸ ਜੀ ਦੇ ਸਮਾਰਕ ਅਤੇ ਮੰਦਰ ਦਾ ਨੀਂਹ ਪੱਥਰ ਰੱਖਿਆ। ਭੂਮੀ ਪੂਜਨ ਤੋਂ ਪਹਿਲਾਂ ਮੋਦੀ ਨੇ ਵੱਖ-ਵੱਖ ਸੰਪਰਦਾਵਾਂ ਦੇ ਸਾਧੂਆਂ ਅਤੇ ਸੰਤਾਂ ਨੂੰ ਨਮਸਕਾਰ ਕੀਤੀ। ਇਸ ਦੇ ਨਾਲ ਹੀ ਸੂਬੇ ਦੇ ਪੰਜ ਸਥਾਨਾਂ ਤੋਂ ਸ਼ੁਰੂ ਹੋਈ ਸਮਰਸਤਾ ਯਾਤਰਾ ਵੀ ਅੱਜ ਸਮਾਪਤ ਹੋ ਗਈ।
ਫਰਵਰੀ ਮਹੀਨੇ ਵਿੱਚ ਹੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਦਭਾਵਨਾ ਦੇ ਮੋਢੀ ਸੰਤ ਸ੍ਰੀ ਰਵਿਦਾਸ ਜੀ ਦੀ ਇਕ ਵਿਸ਼ਾਲ ਅਤੇ ਬ੍ਰਹਮ ਯਾਦਗਾਰ ਅਤੇ ਮੰਦਰ ਬਣਾਉਣ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਵੱਲੋਂ ਸ਼ਨੀਵਾਰ ਨੂੰ ਰੱਖੇ ਗਏ ਨੀਂਹ ਪੱਥਰ ਤੋਂ ਬਾਅਦ ਹੁਣ ਇੱਥੇ ਇੱਕ ਸ਼ਾਨਦਾਰ ਅਤੇ ਅਲੌਕਿਕ ਮੰਦਰ ਬਣਾਇਆ ਜਾਵੇਗਾ। ਇਹ ਮੰਦਰ 10 ਹਜ਼ਾਰ ਵਰਗ ਫੁੱਟ 'ਚ ਨਗਰ ਸ਼ੈਲੀ 'ਚ ਬਣਾਇਆ ਜਾਵੇਗਾ।
ਲੋਕਾਂ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ ਕਿ ਸਾਗਰ ਦੀ ਧਰਤੀ, ਸੰਤਾਂ ਦੀ ਸੰਗਤ, ਸੰਤ ਰਵਿਦਾਸ ਦਾ ਆਸ਼ੀਰਵਾਦ ਹੈ ਅਤੇ ਹਰ ਕੋਨੇ ਤੋਂ ਇੰਨੀ ਵੱਡੀ ਸੰਖਿਆ ਵਿੱਚ ਆਸ਼ੀਰਵਾਦ ਦੇਣ ਲਈ ਆਏ ਹਨ। ਦੇਸ਼ ਦੇ ਇਸ ਸਾਂਝੇ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਅੱਜ ਇੱਥੇ ਸੰਤ ਰਵਿਦਾਸ ਯਾਦਗਾਰ ਅਤੇ ਕਲਾ ਅਜਾਇਬ ਘਰ ਦੀ ਨੀਂਹ ਰੱਖੀ ਗਈ ਹੈ। ਸੰਤਾਂ ਦੀ ਕਿਰਪਾ ਸਦਕਾ ਮੈਨੂੰ ਕੁਝ ਸਮਾਂ ਪਹਿਲਾਂ ਇਸ ਪਵਿੱਤਰ ਸਮਾਰਕ ਦਾ ਭੂਮੀ ਪੂਜਨ ਕਰਨ ਦਾ ਮੌਕਾ ਮਿਲਿਆ ਹੈ।
ਪੀ. ਐੱਮ. ਮੋਦੀ ਨੇ ਕਿਹਾ ਕਿ ਮੈਂ ਕਾਸ਼ੀ ਦਾ ਸੰਸਦ ਮੈਂਬਰ ਹਾਂ, ਇਸ ਲਈ ਇਹ ਮੇਰੇ ਲਈ ਦੋਹਰੀ ਖੁਸ਼ੀ ਦਾ ਮੌਕਾ ਹੈ। ਪੂਜਨੀਕ ਸੰਤ ਰਵਿਦਾਸ ਜੀ ਦੇ ਆਸ਼ੀਰਵਾਦ ਨਾਲ ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਅੱਜ ਮੈਂ ਨੀਂਹ ਪੱਥਰ ਰੱਖਿਆ ਹੈ ਅਤੇ ਡੇਢ ਸਾਲ ਬਾਅਦ ਜਦੋਂ ਮੰਦਰ ਬਣੇਗਾ, ਮੈਂ ਇਸ ਦੇ ਉਦਘਾਟਨ ਲਈ ਜ਼ਰੂਰ ਆਵਾਂਗਾ। ਸੰਤ ਰਵਿਦਾਸ ਜੀ ਮੈਨੂੰ ਇੱਥੇ ਆਉਣ ਦਾ ਮੌਕਾ ਦੇਣ ਵਾਲੇ ਹਨ। ਮੈਨੂੰ ਸੰਤ ਰਵਿਦਾਸ ਜੀ ਦੇ ਜਨਮ ਅਸਥਾਨ ਬਨਾਰਸ ਵਿੱਚ ਕਈ ਵਾਰ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਅੱਜ ਮੈਂ ਤੁਹਾਡੇ ਸਾਰਿਆਂ ਦੀ ਹਾਜ਼ਰੀ ਵਿੱਚ ਇੱਥੇ ਹਾਂ।