ਸ਼ਾਂਤੀ ਵਾਰਤਾ ਦੀਆਂ ਨਵੀਆਂ ਕੋਸ਼ਿਸ਼ਾਂ ਵਿਚਾਲੇ ਮਣੀਪੁਰ ਜਾ ਸਕਦੇ ਹਨ ਮੋਦੀ
Saturday, Jul 05, 2025 - 12:21 AM (IST)

ਇੰਫਾਲ-ਮਣੀਪੁਰ ਵਿਚ ਸ਼ਾਂਤੀ ਵਾਰਤਾ ਲਈ ਨਵੇਂ ਸਿਰੇ ਤੋਂ ਕੋਸ਼ਿਸ਼ਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਣੀਪੁਰ ਦਾ ਦੌਰਾ ਕਰ ਸਕਦੇ ਹਨ। ਭਾਜਪਾ ਦੇ ਇਕ ਉੱਚ ਅਹੁਦੇਦਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਣੀਪੁਰ ਦੌਰੇ ਲਈ ਕੋਈ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ ਪਰ ਜ਼ਮੀਨੀ ਪੱਧਰ ’ਤੇ ਤਿਆਰੀਆਂ ਪੂਰੇ ਜ਼ੋਰਾਂ ’ਤੇ ਹਨ। ਭਾਵੇਂ ਮੋਦੀ ਦੇ ਦੌਰੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਜਿਸ ਤਰ੍ਹਾਂ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਦੀ ਅਚਾਨਕ ਵਧੀ ਰਫ਼ਤਾਰ ਦਰਸਾਉਂਦੀ ਹੈ ਕਿ ਇਕ ਉੱਚ-ਪੱਧਰੀ ਦੌਰੇ ਦੀ ਯੋਜਨਾ ਬਣਾਈ ਜਾ ਰਹੀ ਹੈ।
ਜੇਕਰ ਪ੍ਰਧਾਨ ਮੰਤਰੀ ਦਾ ਦੌਰਾ ਯੋਜਨਾ ਅਨੁਸਾਰ ਹੁੰਦਾ ਹੈ, ਤਾਂ ਮਈ 2023 ਵਿਚ ਨਸਲੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਇਹ ਸੂਬੇ ਦਾ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਸਥਾਨਕ ਭਾਜਪਾ ਆਗੂਆਂ ਨੇ ਪੁਸ਼ਟੀ ਕੀਤੀ ਕਿ ਸੜਕਾਂ ਦੀ ਮੁਰੰਮਤ ਵਿਚ ਤੇਜ਼ੀ ਲਿਆਉਣ ਅਤੇ ਸਕੱਤਰੇਤ ਦੀਆਂ ਇਮਾਰਤਾਂ ਅਤੇ ਪੁਲਸ ਹੈੱਡਕੁਆਰਟਰ ਸਮੇਤ ਬਕਾਇਆ ਸਰਕਾਰੀ ਬੁਨਿਆਦੀ ਢਾਂਚੇ ਨੂੰ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।