ਸਰਕਾਰ ’ਚ ਬਾਹਰੋਂ ਟੈਲੇਂਟ ਲਿਆਉਣ ਦੇ ਹੱਕ ’ਚ ਹਨ ਮੋਦੀ

Wednesday, Mar 02, 2022 - 12:52 PM (IST)

ਨਵੀਂ ਦਿੱਲੀ– ਇਹ ਸਭ ਜਾਣਦੇ ਹਨ ਕਿ ਪੀ. ਐੱਮ. ਮੋਦੀ ਨੌਕਰਸ਼ਾਹਾਂ ਨੂੰ ਸੇਵਾ-ਮੁਕਤੀ ਤੋਂ ਬਾਅਦ ਅਹਿਮ ਅਹੁਦਿਆਂ ’ਤੇ ਨਿਯੁਕਤ ਕਰਨ ਦੇ ਪੱਖ ’ਚ ਨਹੀਂ ਹਨ। ਉਹ ਬਾਹਰੋਂ ਟੈਲੇਂਟ ਲਿਆਉਣ ਦੇ ਹੱਕ ਵਿਚ ਰਹੇ ਹਨ ਅਤੇ 2014 ਵਿਚ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧ ਵਿਚ ਕਈ ਤਜ਼ਰਬੇ ਕੀਤੇ ਹਨ ਪਰ ਉਹ ਨਹੀਂ ਚਾਹੁੰਦੇ ਕਿ ਨੌਕਰਸ਼ਾਹੀ ਉਨ੍ਹਾਂ ਦੇ ਇਸ ਕੰਸੈਪਟ ਨੂੰ ਨਾਕਾਮ ਨਾ ਕਰ ਦੇਵੇ। ਉਹ ਸਵੱਛ ਭਾਰਤ ਮਿਸ਼ਨ ਦੇ ਮੁਖੀ ਦੇ ਤੌਰ ’ਤੇ ਬਾਹਰੋਂ ਇਕ ਵਿਅਕਤੀ ਨੂੰ ਲਿਆਏ ਸਨ।

ਇਹ ਵੱਖਰੀ ਗੱਲ ਹੈ ਕਿ ਉਸ ਵਿਅਕਤੀ ਨੇ ਕੁਝ ਸਾਲਾਂ ਬਾਅਦ ਕੰਮ ਛੱਡ ਦਿੱਤਾ, ਕਿਉਂਕਿ ਉਸ ਨੂੰ ਇਹ ਕੰਮ ਬਹੁਤ ਔਖਾ ਲੱਗਾ। ਹੁਣ ਮੋਦੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੀ ਚੇਅਰਪਰਸਨ ਦੇ ਤੌਰ ’ਤੇ ਸ਼੍ਰੀਮਤੀ ਮਾਧਵੀ ਪੁਰੀ ਬੁਚ ਨੂੰ ਲੈ ਕੇ ਆਏ ਹਨ।

ਸ਼੍ਰੀਮਤੀ ਬੁੱਚ ਸੇਬੀ ਦੀ ਪਹਿਲੀ ਮਹਿਲਾ ਚੇਅਰਪਰਸਨ ਹੈ ਅਤੇ ਉਨ੍ਹਾਂ ਨੂੰ ਨਿੱਜੀ ਖੇਤਰ ਤੋਂ ਲਿਆਂਦਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਬਲਿਕ ਇੰਟਰਪ੍ਰਾਈਜਿਜ਼ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਵਜੋਂ ਮੱਲਿਕਾ ਸ਼੍ਰੀਨਿਵਾਸਨ ਨੂੰ ਨਿਯੁਕਤ ਕੀਤਾ ਹੈ। ਪੀ. ਈ. ਐੱਸ. ਬੀ. ’ਚ ਵੀ ਪਹਿਲੀ ਵਾਰ ਇਸ ਅਹੁਦੇ ’ਤੇ ਨਿੱਜੀ ਖੇਤਰ ਦੇ ਕਿਸੇ ਵਿਅਕਤੀ ਨੂੰ ਨਿਯੁਕਤ ਕੀਤਾ ਗਿਆ ਹੈ। ਪੀ. ਈ. ਐੱਸ. ਬੀ. ਇਹ ਇਕ ਮਹੱਤਵਪੂਰਨ ਸੰਸਥਾ ਹੈ, ਜੋ ਦੇਸ਼ ਦੇ ਚੋਟੀ ਦੇ ਪੀ. ਐੱਸ. ਯੂਜ਼ ਦੇ ਚੇਅਰਮੈਨ ਅਤੇ ਡਾਇਰੈਕਟਰਾਂ ਦੀ ਨਿਯੁਕਤੀ ਕਰਦੀ ਹੈ। ਆਮ ਤੌਰ ’ਤੇ ਇਹ ਮਹੱਤਵਪੂਰਨ ਅਹੁਦਾ ਸੇਵਾ-ਮੁਕਤ ਨੌਕਰਸ਼ਾਹ ਲਈ ਰਾਖਵਾਂ ਹੁੰਦਾ ਹੈ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਇਨਫੋਸਿਸ ਦੇ ਸੀ. ਈ. ਓ. ਐੱਸ. ਡੀ. ਸ਼ਿਬੂ ਲਾਲ ਨੂੰ ਤਿੰਨ ਮੈਂਬਰੀ ਟਾਸਕ ਫੋਰਸ ਦੀ ਪ੍ਰਧਾਨਗੀ ਲਈ ਚੁਣਿਆ ਹੈ, ਜੋ ਕਿ ਨੌਕਰਸ਼ਾਹੀ ਵਿਚ ਪ੍ਰਧਾਨ ਮੰਤਰੀ ਦੀ ‘ਕਰਮਯੋਗੀ’ ਦੀ ਧਾਰਨਾ ਨੂੰ ਲਾਗੂ ਕਰਨ ਲਈ ਬਣਾਈ ਗਈ ਹੈ। ਸ਼ਿਬੂ ਲਾਲ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਟਾਸਕ ਫੋਰਸ ਨੂੰ ਅਜਿਹੀ ਯੋਜਨਾ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਤਹਿਤ ਸੇਵਾ ਕਰ ਰਹੇ ਸਰਕਾਰੀ ਮੁਲਾਜ਼ਮ ਸਿਰਫ ਫਾਈਲ ਧੱਕਣ ਵਾਲੇ ਨਾ ਬਣ ਕੇ ‘ਕਰਮ ਯੋਗੀ’ ਬਣ ਕੇ ਜਨਤਾ ਦੀ ਸੇਵਾ ਕਰਨ।

ਪ੍ਰਧਾਨ ਮੰਤਰੀ ਸਰਕਾਰ ਚ ਭਰਤੀ ਪ੍ਰਣਾਲੀ ’ਚ ਬਦਲਾਅ ਲਈ ਉਤਾਵਲੇ ਹਨ ਅਤੇ ਕੇਂਦਰ ਸਰਕਾਰ ’ਚ 7 ​​ਲੱਖ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਉਹ ਚਾਹੁੰਦਾ ਹੈ ਕਿ ਪਹਿਲਾਂ ਇਕ ਨਵੀਂ ਭਰਤੀ ਪ੍ਰਣਾਲੀ ਸ਼ੁਰੂ ਕੀਤੀ ਜਾਵੇ ਅਤੇ ਫਿਰ ਭਰਤੀ ਸ਼ੁਰੂ ਕੀਤੀ ਜਾਵੇ।


Rakesh

Content Editor

Related News