ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਉਪਰਾਲੇ ਕਰ ਰਹੀ : ਕੇਂਦਰੀ ਖੇਤੀਬਾੜੀ ਮੰਤਰੀ
Saturday, Jun 29, 2024 - 12:32 AM (IST)
ਜੈਤੋ, (ਰਘੁਨੰਦਨ ਪਰਾਸ਼ਰ)- ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀਬਾੜੀ ਵਿਭਾਗ ਨੂੰ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਐਗਰੀਕਲਚਰ ਇਨਫਰਾਸਟਰਕਚਰ ਫੰਡ) ਅਧੀਨ ਬੈਂਕਾਂ ਵਲੋਂ ਜਮ੍ਹਾ ਕਰਵਾਏ ਵਿਆਜ ਸਬਸਿਡੀ ਦੇ ਦਾਅਵਿਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਸਵੈ-ਚਾਲਤ ਅਤੇ ਤੇਜ਼ ਕਰਨ ਲਈ (ਡੀ. ਏ. ਐਂਡ ਐੱਫ. ਡਬਲਿਊ) ਨਾਬਾਰਡ ਦੁਆਰਾ ਸਾਂਝੇ ਤੌਰ ’ਤੇ ਵਿਕਸਤ ਵੈੱਬ ਪੋਰਟਲ ਲਾਂਚ ਕੀਤਾ।
ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ, ਨਾਬਾਰਡ ਦੇ ਚੇਅਰਮੈਨ, ਕਿਸਾਨ ਕਲਿਆਣ ਵਿਭਾਗ ਅਤੇ ਬੈਂਕਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਲਈ ਵੱਖ-ਵੱਖ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫਸਲਾਂ ਦੀ ਸਟੋਰੇਜ ਸਮਰੱਥਾ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੁਆਰਾ 1 ਲੱਖ ਕਰੋੜ ਰੁਪਏ ਦੇ ਫੰਡਿੰਗ ਨਾਲ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਲਾਂਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨਵੀਂ ਲਾਂਚ ਕੀਤੀ ਗਈ ਕ੍ਰੈਡਿਟ ਕਲੇਮ ਆਟੋਮੇਸ਼ਨ ਇੱਕ ਦਿਨ ਦੇ ਅੰਦਰ ਦਾਅਵਿਆਂ ਦਾ ਨਿਪਟਾਰਾ ਯਕੀਨੀ ਬਣਾਵੇਗੀ, ਨਹੀਂ ਤਾਂ ਮੈਨੂਅਲ ਨਿਪਟਾਉਣ ਲਈ ਕਈ ਮਹੀਨੇ ਲੱਗਦੇ ਸਨ।