ਦਲਾਈ ਲਾਮਾ ਨਾਲ ਜੁੜੇ ਸੰਵੇਦਨਸ਼ੀਲ ਮਸਲੇ ’ਤੇ ਮੋਦੀ ਦੀ ਅਨੋਖੀ ਰਣਨੀਤੀ

Wednesday, May 03, 2023 - 02:39 PM (IST)

ਦਲਾਈ ਲਾਮਾ ਨਾਲ ਜੁੜੇ ਸੰਵੇਦਨਸ਼ੀਲ ਮਸਲੇ ’ਤੇ ਮੋਦੀ ਦੀ ਅਨੋਖੀ ਰਣਨੀਤੀ

ਨਵੀਂ ਦਿੱਲੀ- ਦਲਾਈ ਲਾਮਾ ਨਾਲ ਸਬੰਧਤ ਸੰਵੇਦਨਸ਼ੀਲ ਮੁੱਦੇ ਨੂੰ ਸੰਭਾਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਅਨੋਖੀ ਰਣਨੀਤੀ ਤਿਆਰ ਕੀਤੀ , ਜਦ ਹਾਲ ਹੀ ’ਚ ਰਾਜਧਾਨੀ ’ਚ 2 ਦਿਨਾ ਵਿਸ਼ਵ ਬੁੱਧ ਸਿਖਰ ਸੰਮੇਲਨ ਆਯੋਜਿਤ ਕੀਤਾ ਗਿਆ ਸੀ। ਜ਼ਾਹਿਰ ਹੈ, ਮੋਦੀ ਨੇ ਦਲਾਈ ਲਾਮਾ ਅਤੇ ਚੀਨੀ ਲੀਡਰਸ਼ਿਪ ਦਰਮਿਆਨ ਇਕ ਨਾਜ਼ੁਕ ਸੰਤੁਲਨ ਬਣਾਈ ਰੱਖਣਾ ਸੀ। ਚੀਨ ਦੇ ਰੱਖਿਆ ਮੰਤਰੀ ਵੀ ਭਾਰਤ ਆਉਣ ਵਾਲੇ ਸਨ। ਸੁਣਨ ’ਚ ਇਹ ਅਜੀਬ ਲੱਗ ਸਕਦਾ ਹੈ ਪਰ ਮੋਦੀ 2014 ਤੋਂ ਦਲਾਈ ਲਾਮਾ ਦੇ ਮੁੱਦੇ ਨੂੰ ਸੰਭਾਲਣ ਲਈ ਸਖਤ ਮਿਹਨਤ ਕਰ ਰਹੇ ਹਨ। ਮਿਸਾਲ ਦੇ ਤੌਰ ’ਤੇ, ਉਨ੍ਹਾਂ ਨੇ ਦਫਤਰ ਸੰਭਾਲਣ ਦੇ ਕਈ ਮਹੀਨਿਆਂ ਬਾਅਦ 20 ਅਗਸਤ 2014 ਨੂੰ ਅਧਿਆਤਮਕ ਆਗੂ ਨਾਲ ਮੁਲਾਕਾਤ ਕੀਤੀ ਪਰ ਉਨ੍ਹਾਂ ਨੇ ਅਧਿਕਾਰਤ ਤੌਰ ’ਤੇ ਇਸ ਨੂੰ ਮੰਨਿਆ ਨਹੀਂ ਕਿਉਂਕਿ ਮੁਲਾਕਾਤ ਦੀਆਂ ਤਸਵੀਰਾਂ ਟਵਿਟਰ ’ਤੇ ਨਹੀਂ ਪਾਈਆਂ ਗਈਆਂ।

ਹਾਲਾਂਕਿ ਪੂਰਬੀ ਲੱਦਾਖ ’ਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਚੀਨ ਨੂੰ ਲੁਭਾਉਣ ਦੀ ਉਨ੍ਹਾਂ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਮੋਦੀ ਨੇ ਦਲਾਈ ਲਾਮਾ ਨੂੰ ਪਿਛਲੇ 2 ਸਾਲਾਂ ਤੋਂ ਉਨ੍ਹਾਂ ਦੇ ਜਨਮ ਦਿਨ ’ਤੇ ਜਨਤਕ ਤੌਰ ’ਤੇ ਫੋਨ ’ਤੇ ਵਧਾਈ ਦਿੱਤੀ। ਫਿਰ ਵੀ, ਪ੍ਰਧਾਨ ਮੰਤਰੀ ਮੋਦੀ ਵੱਲੋਂ ਉਦਘਾਟਨ ਦੇ ਪਹਿਲੇ ਦਿਨ ਦਲਾਈ ਲਾਮਾ ਨੂੰ ਵਿਸ਼ਵ ਬੁੱਧ ਸਿਖਰ ਸੰਮੇਲਨ ’ਚ ਸੱਦਿਆ ਨਹੀਂ ਸੀ ਗਿਆ। ਇਸ ਦੀ ਥਾਂ ਦੁਪਹਿਰ ਦੇ ਸੈਸ਼ਨ ਦੌਰਾਨ ਬੋਧੀ ਭਿਕਸ਼ੂਆਂ ਵੱਲੋਂ ‘ਦਲਾਈ ਲਾਮਾ, ਵਿਸ਼ਵ ਸ਼ਾਂਤੀ ਅਤੇ ਲਗਾਤਾਰਤਾ ਦੀ ਦਿਸ਼ਾ ’ਚ ਉਨ੍ਹਾਂ ਦਾ ਯੋਗਦਾਨ’ ਆਦਿ ’ਤੇ ਇਕ ਨਿਰਧਾਰਤ ਚਰਚਾ ਆਯੋਜਿਤ ਕੀਤੀ ਗਈ।

ਦਿਲਚਸਪ ਗੱਲ ਇਹ ਹੈ ਕਿ ਦਲਾਈ ਲਾਮਾ ਨੂੰ ਸੰਮੇਲਨ ਦੇ ਦੂਸਰੇ ਦਿਨ ਸਭਾ ਨੂੰ ਸੰਬੋਧਨ ਕਰਨ ਲਈ ਸੱਦਿਆ ਗਿਆ ਸੀ। ਅਜਿਹੇ ਮਾਮਲਿਆਂ ’ਚ ਭੂਮਿਕਾ ਨਿਭਾਉਣ ਵਾਲੇ ਵਿਦੇਸ਼ ਨੀਤੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮੋਦੀ ਅਜਿਹੇ ਸਮੇਂ ’ਚ ਦਲਾਈ ਲਾਮਾ ਨਾਲ ਫੋਟੋ ਨਹੀਂ ਖਿਚਵਾਉਣਾ ਚਾਹੁੰਦੇ ਸਨ ਜਦ ਚੀਨ ਨਾਲ ਅਹਿਮ ਗੱਲਬਾਤ ਚੱਲ ਰਹੀ ਹੋਵੇ। ਜੀ-20 ਸੰਮੇਲਨ ਲਈ ਰੱਖਿਆ ਮੰਤਰੀ ਤੋਂ ਬਾਅਦ ਚੀਨੀ ਵਿਦੇਸ਼ ਮੰਤਰੀ ਦੇ ਵੀ ਭਾਰਤ ਆਉਣ ਦੀ ਉਮੀਦ ਹੈ। ਚੀਨ ਦੀ ਸਰਕਾਰ ਦਲਾਈ ਲਾਮਾ ਨੂੰ ਵੱਖਵਾਦੀ ਮੰਨਦੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਚੀਨ ਨਾਲ ਨਜਿੱਠਣ ਲਈ ਵੱਖ ਰਣਨੀਤੀ ’ਤੇ ਕੰਮ ਕਰ ਰਹੇ ਹਨ।


author

Rakesh

Content Editor

Related News