9 ਸਾਲ ਬਾਅਦ ਆਇਆ ਫੈਸਲਾ, ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ’ਚ ਵਿਧਾਇਕ ਰਮਾਕਾਂਤ ਯਾਦਵ ਦੋਸ਼-ਮੁਕਤ
Saturday, Aug 02, 2025 - 12:42 AM (IST)

ਆਜ਼ਮਗੜ੍ਹ/ਲਖਨਊ, (ਨਾਸਿਰ)- ਸਾਲ 2016 ’ਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ’ਚ ਦਰਜ ਮੁਕੱਦਮੇ ’ਚ ਵਿਧਾਇਕ ਅਤੇ ਸਾਬਕਾ ਸੰਸਦ ਮੈਂਬਰ ਰਮਾਕਾਂਤ ਯਾਦਵ ਨੂੰ ਵਿਸ਼ੇਸ਼ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਦੋਸ਼-ਮੁਕਤ ਕਰਾਰ ਦਿੱਤਾ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ ਅਦਾਲਤ ਦੇ ਜੱਜ ਅਨੁਪਮ ਕੁਮਾਰ ਤ੍ਰਿਪਾਠੀ ਨੇ ਸੁਣਾਇਆ।
ਮੁਕੱਦਮੇ ਅਨੁਸਾਰ, 7 ਫਰਵਰੀ 2016 ਨੂੰ ਆਜ਼ਮਗੜ੍ਹ ਜ਼ਿਲੇ ਦੇ ਪਵਾਈ ਬਲਾਕ ’ਚ ਬਲਾਕ ਮੁਖੀ ਦੀ ਚੋਣ ਹੋਣੀ ਸੀ। ਇਕ ਦਿਨ ਪਹਿਲਾਂ ਭਾਵ 6 ਫਰਵਰੀ ਨੂੰ ਰਮਾਕਾਂਤ ਯਾਦਵ ਆਪਣੇ ਸਮਰਥਕਾਂ ਅਤੇ ਵਾਹਨਾਂ ਦੇ ਕਾਫਲੇ ਨਾਲ ਚੋਣ ਹਲਕੇ ’ਚੋਂ ਲੰਘੇ ਸਨ। ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮੰਨਦੇ ਹੋਏ ਪਵਾਈ ਥਾਣੇ ਦੇ ਤਤਕਾਲੀ ਇੰਚਾਰਜ ਤੇਜ ਬਹਾਦਰ ਸਿੰਘ ਨੇ ਉਨ੍ਹਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ ਸੀ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਵੱਲੋਂ ਕੁੱਲ 7 ਗਵਾਹ ਪੇਸ਼ ਕੀਤੇ ਗਏ ਸਨ। ਰਮਾਕਾਂਤ ਯਾਦਵ ਵੱਲੋਂ ਵਕੀਲ ਰਵਿੰਦਰਨਾਥ ਯਾਦਵ ਨੇ ਪੱਖ ਰੱਖਿਆ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸਬੂਤਾਂ ਦੀ ਘਾਟ ਦਾ ਲਾਭ ਦਿੰਦੇ ਹੋਏ ਰਮਾਕਾਂਤ ਯਾਦਵ ਨੂੰ ਦੋਸ਼-ਮੁਕਤ ਕਰ ਦਿੱਤਾ। ਲੱਗਭਗ 9 ਸਾਲਾਂ ਬਾਅਦ ਆਏ ਇਸ ਫੈਸਲੇ ਨੂੰ ਲੈ ਕੇ ਰਮਾਕਾਂਤ ਯਾਦਵ ਦੇ ਸਮਰਥਕਾਂ ’ਚ ਰਾਹਤ ਦੀ ਭਾਵਨਾ ਦੇਖੀ ਗਈ ਹੈ।