ਡਾਂਟਣ ’ਤੇ ਨਾਬਾਲਿਗ ਪੁੱਤ ਨੇ ਪਿਓ ਨੂੰ ਜ਼ਿੰਦਾ ਸਾੜਿਆ
Wednesday, Feb 19, 2025 - 04:23 AM (IST)

ਫਰੀਦਾਬਾਦ (ਸੂਰਜ ਮੱਲ) - ਫਰੀਦਾਬਾਦ ਤੋਂ ਦਿਲ ਕੰਬਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਆਦਤ ਤੋਂ ਪ੍ਰੇਸ਼ਾਨ ਅਤੇ ਪੜ੍ਹਾਈ ਨੂੰ ਲੈ ਕੇ ਪਿਤਾ ਦੇ ਡਾਂਟਣ ’ਤੇ ਨਾਬਾਲਿਗ ਬੇਟੇ ਨੇ ਆਪਣੇ ਪਿਤਾ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਫਰੀਦਾਬਾਦ ਦੇ ਅਜੇ ਨਗਰ ਵਾਸੀ ਮੁਹੰਮਦ ਅਲੀਮ ਵਜੋਂ ਹੋਈ ਹੈ।
ਪੁਲਸ ਦਾ ਕਹਿਣਾ ਹੈ ਕਿ ਮੁਹੰਮਦ ਅਲੀਮ ਦੇ 5 ਬੱਚੇ ਹਨ। 14 ਸਾਲ ਦੇ ਬੇਟੇ ਨੂੰ ਛੱਡ ਕੇ ਸਾਰੇ ਵਿਆਹੇ ਹੋਏ ਹਨ। ਮੁਹੰਮਦ ਅਲੀਮ ਦੀ ਪਤਨੀ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਹੈ। ਜਾਂਚ ’ਚ ਪਤਾ ਲੱਗਾ ਹੈ ਕਿ ਮੁਹੰਮਦ ਅਲੀਮ ਆਪਣੇ ਨਾਬਾਲਿਗ ਬੇਟੇ ਦੀਆਂ ਬੁਰੀਆਂ ਆਦਤਾਂ ਤੋਂ ਪ੍ਰੇਸ਼ਾਨ ਸੀ। ਉਹ ਘਰ ’ਚੋਂ ਪੈਸੇ ਚੋਰੀ ਕਰਦਾ ਸੀ ਤੇ ਪੜ੍ਹਾਈ ’ਚ ਵੀ ਕਮਜ਼ੋਰ ਸੀ।
ਬੀਤੀ ਰਾਤ ਭਾਵ 17 ਫਰਵਰੀ ਨੂੰ ਮੁਹੰਮਦ ਅਲੀਮ ਕੰਮ ਤੋਂ ਘਰ ਪਰਤਿਆ ਤਾਂ ਉਸ ਨੇ ਆਪਣੇ ਬੇਟੇ ਨੂੰ ਪੜ੍ਹਾਈ ਕਰਨ ਲਈ ਕਿਹਾ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਬਹਿਸ ਹੋ ਗਈ। ਝਗੜਾ ਕਰਨ ਤੋਂ ਬਾਅਦ ਅਲੀਮ ਸੌਂ ਗਿਆ ਤਾਂ ਇਸ ਦੌਰਾਨ ਮੁਲਜ਼ਮ ਨੇ ਮਿੱਟੀ ਦਾ ਤੇਲ ਪਾ ਕੇ ਪਿਓ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।